ਜੇ ਐੱਸ ਕਲੇਰ, ਜ਼ੀਰਕਪੁਰ : ਸਥਾਨਕ ਬਲਟਾਣਾ ਖੇਤਰ ਵਿੱਚ ਸਥਿਤ ਏਕਤਾ ਵਿਹਾਰ ਕਾਲੋਨੀ ਵਿੱਚ ਅੱਜ ਸ਼ਾਮ ਕਰੀਬ ਪੰਜ ਵਜੇ ਇੱਕ ਕਰੀਬ 35 ਸਾਲਾ ਪ੍ਰਵਾਸੀ ਔਰਤ ਦਾ ਕਤਲ ਹੋ ਗਿਆ। ਮ੍ਰਿਤਕਾ ਦੇ ਪਤੀ ਅਤੇ ਸੱਸ ਵਲੋਂ ਕਤਲ ਲਈ ਉਨ੍ਹਾਂ ਦੇ ਗੁਆਂਢੀ ਨੂੰ ਹੀ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਜੋ ਘਟਨਾ ਦੇ ਸਮੇ ਤੋਂ ਹੀ ਪਰਿਵਾਰ ਸਮੇਤ ਫ਼ਰਾਰ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਮੌਕੇ ਤੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।

ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਬਲਟਾਣਾ ਦੀ ਏਕਤਾ ਵਿਹਾਰ ਕਾਲੋਨੀ ਦੇ ਮਕਾਨ ਨੰਬਰ 1-ਏ ਦੀ ਪਹਿਲੀ ਮੰਜ਼ਲ 'ਤੇ ਬਹਾਦੁਰ ਅਪਣੀ ਪਤਨੀ ਗਾਇਤਰੀ ਅਤੇ ਮਾਤਾ ਰਾਜੇਸ਼ਵਰੀ ਨਾਲ ਕਿਰਾਏ 'ਤੇ ਰਹਿੰਦਾ ਹੈ ਅਤੇ ਬਲਟਾਣਾ ਵਿੱਚ ਹੀ ਫਰਨੀਚਰ ਮਾਰਕੀਟ ਵਿੱਚ ਮਹਾਜਨ ਫਰਨੀਚਰ 'ਤੇ ਕੰਮ ਕਰਦਾ ਹੈ। ਮ੍ਰਿਤਕਾ ਦੀ ਸੱਸ ਰਾਜੇਸ਼ਵਰੀ ਦੇਵੀ ਨੇ ਦੱਸਿਆ ਕਿ ਉਹ ਅੱਜ ਕਰੀਬ ਸਾਢੇ ਚਾਰ ਵਜੇ ਅਪਣੇ ਘਰ ਵਿੱਚ ਅਪਣੀ ਨੂੰਹ ਗਾਇਤਰੀ ਨੂੰ ਸਹੀ ਸਲਾਮਤ ਛੱਡ ਕੇ ਅਪਣੇ ਕੰਮ 'ਤੇ ਗਈ ਸੀ। ਇਸ ਦੌਰਾਨ ਉਸ ਦੇ ਲੜਕੇ ਬਹਾਦੁਰ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਪਤਨੀ ਗਾਇਤਰੀ ਬਹੁਤ ਦੇਰ ਤੋਂ ਫੋਨ ਨਹੀ ਚੁੱਕ ਰਹੀ ਹੈ। ਜਦੋਂ ਉਨ੍ਹਾਂ ਨੇ ਅਪਣੇ ਘਰ ਆ ਕੇ ਵੇਖਿਆ ਤਾਂ ਉਨ੍ਹਾਂ ਦੇ ਕਮਰੇ ਨੂੰ ਬਾਹਤ ਤੋਂ ਤਾਲਾ ਲਗਿਆ ਹੋਇਆ ਸੀ। ਜਦ ਉਨ੍ਹਾਂ ਨੇ ਅਪਣੇ ਕਮਰੇ ਦਾ ਤਾਲਾ ਤੋੜਿਆ ਤਾਂ ਅੰਦਰ ਗਾਇਤਰੀ ਦੀ ਲਾਸ਼ ਪਈ ਸੀ ਅਤੇ ਕਿਸੇ ਨੇ ਉਸ ਦਾ ਗਲਾ ਵੱਢ ਕੇ ਉਸ ਦਾ ਕਤਲ ਕਰ ਦਿੱਤਾ ਸੀ।

ਮਾਮਲੇ ਦੀ ਸੂਚਨਾ ਮਿਲਣ 'ਤੇ ਜ਼ੀਰਕਪੁਰ ਦੇ ਡੀਐੱਸਪੀ ਵਿਕਰਮਜੀਤ ਸਿੰਘ ਬਰਾੜ, ਐੱਸਐੱਚਓ ਦੀਪਇੰਦਰ ਸਿੰਘ ਬਰਾੜ ਅਤੇ ਬਲਟਾਣਾ ਚੌਕੀ ਇੰਚਾਰਜ ਮਨਦੀਪ ਸਿੰਘ ਨੇ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ।

ਇਸ ਦੌਰਾਨ ਮ੍ਰਿਤਕਾ ਦੇ ਪਤੀ ਬਹਾਦੁਰ ਨੇ ਪੁਲਿਸ ਕੋਲ ਸ਼ੱਕ ਜਾਹਿਰ ਕੀਤਾ ਕਿ ਉਸ ਦੇ ਕਮਰੇ ਦੇ ਨਾਲ ਹੀ ਕਿਰਾਏ 'ਤੇ ਰਹਿੰਦੇ ਪਵਨ ਵਲੋਂ ਹੀ ਉਸ ਦੀ ਪਤਨੀ ਦਾ ਕਤਲ ਕੀਤਾ ਹੋ ਸਕਦਾ ਹੈ। ਪਤਾ ਲਗਿਆ ਹੈ ਕਿ ਪਵਨ ਘਟਨਾ ਤੋਂ ਕਰੀਬ ਪੰਦਰ੍ਹਾਂ ਮਿੰਟ ਬਾਅਦ ਹੀ ਅਪਣੀ ਪਤਨੀ ਸਲੋਨੀ ਅਤੇ ਕਰੀਬ ਚਾਰ ਮਹੀਨੇ ਦੀ ਬੱਚੀ ਨਾਲ ਫ਼ਰਾਰ ਹੋ ਗਿਆ ਹੈ ਅਤੇ ਉਸ ਦੇ ਮੋਬਾਈਲ ਫੋਨ ਵੀ ਬੰਦ ਆ ਰਹੇ ਹਨ। ਫਿਲਹਾਲ ਪੁਲਿਸ ਨੇ ਪਵਨ ਦੀ ਭਾਲ ਵਿੱਚ ਵੱਖ-ਵੱਖ ਟੀਮਾਂ ਰਵਾਨਾ ਕਰ ਦਿੱਤੀਆਂ ਹਨ। ਡੀਐੱਸਪੀ ਵਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਵਲੋਂ ਮੌਕੇ 'ਤੇ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਜਲਦੀ ਹੀ ਕਾਤਲ ਨੂੰ ਕਾਬੂ ਕਰਕੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਜਾਵੇਗਾ।

Posted By: Jagjit Singh