ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸਿਗਰਟ ਵੇਚਣ ਵਾਲੇ ਦਿਹਾੜੀਦਾਰ ਦੁਕਾਨਦਾਰ ਦੇ ਉਧਾਰ ਬੰਦ ਕਰਨ ’ਤੇ ਗੁੱਸੇ ’ਚ ਆਏ ਨੌਜਵਾਨ ਨੇ ਦੁਕਾਨਦਾਰ ਦੇ 20 ਸਾਲਾਂ ਦੇ ਪੁੱਤਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਸੋਹਾਨਾ ਥਾਣੇ ਅਧੀਨ ਪੈਂਦੇ ਸੈਕਟਰ-82 ਦੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਪਿ੍ਰੰਸ ਦੇ ਰੂਪ ’ਚ ਹੋਈ ਹੈ ਜੋ ਕਿ ਪਿੰਡ ਕੰਬਾਲਾ ਦਾ ਰਹਿਣ ਵਾਲਾ ਸੀ। ਪੁਲਿਸ ਨੇ ਮ੍ਰਿਤਕ ਦੇ ਪਿਤਾ ਮੁਖਤਿਆਰ ਸਿੰਘ ਦੀ ਸ਼ਿਕਾਇਤ ’ਤੇ ਬਠਿੰਡਾ ਦੇ ਪਿੰਡ ਧੰਨ ਸਿੰਘ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਅਤੇ ਪਿੰਡ ਜਗਤਪੁਰਾ ਦੇ ਰਹਿਣ ਵਾਲੇ ਰਿੰਕੂ ਖ਼ਿਲਾਫ਼ ਆਈਪੀਸੀ ਦੀ ਧਾਰਾ 302, 506 ਅਤੇ 34 ਤਹਿਤ ਮਾਮਲਾ ਦਰਜ ਕਰਕੇ ਮੁੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਐੱਸਐੱਚਓ ਭਗਵੰਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਮੁੁਲਜ਼ਮਾਂ ਤੋਂ ਵਾਰਦਾਤ ’ਚ ਇਸਤੇਮਾਲ ਕੀਤਾ ਗਿਆ ਚਾਕੂ ਅਜੇ ਬਰਾਮਦ ਕਰਨਾ ਬਾਕੀ ਹੈ। ਐੱਸਐੱਚਓ ਨੇ ਦੱਸਿਆ ਕਿ ਮ੍ਰਿਤਕ ਪਿ੍ਰੰਸ ਦਾ ਸਿਵਲ ਹਸਪਤਾਲ ਫੇਜ਼-6 ’ਚ ਪੋਸਟਮਾਰਟਮ ਕਰਵਾ ਕੇ ਲਾਸ਼ ਸਸਕਾਰ ਲਈ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।

ਮੁਖਤਿਆਰ ਸਿੰਘ ਨੇ ਦੱਸਿਆ ਕਿ ਉਹ ਮੂਲ ਰੂਪ ਨਾਲ ਪਿੰਡ ਅੱਛੂਪੁਰ ਜ਼ਿਲ੍ਹਾ ਸਪਰਾ ਬਿਹਾਰ ਦਾ ਰਹਿਣ ਵਾਲਾ ਹੈ। ਪਿੰਡ ਕੰਬਾਲਾ ’ਚ ਮਸਤਾਨ ਸਿੰਘ ਦੇ ਮਕਾਨ ’ਚ ਆਪਣੇ ਪਰਿਵਾਰ ਸਮੇਤ ਕਿਰਾਏ ’ਤੇ ਰਹਿੰਦਾ ਹੈ। ਸੈਕਟਰ-82 ’ਚ ਸੜਕ ਦੇ ਕੰਢੇ ਸਿਗਰਟ ਬੀੜੀ ਦੀ ਫੜ੍ਹੀ ਲਗਾਉਂਦਾ ਹੈ। ਮੁਖਤਿਆਰ ਨੇ ਦੱਸਿਆ ਕਿ ਉਸ ਦਾ 20 ਸਾਲਾਂ ਦਾ ਪੁੱਤਰ ਪਿ੍ਰੰਸ ਪਿਛਲੇ 4 ਸਾਲ ਤੋਂ ਉਸੇ ਦੀ ਫੜ੍ਹੀ ਦੇ ਨਾਲ ਸ਼ਿਕੰਜਵੀ ਦੀ ਰੇਹੜੀ ਲਗਾਉਂਦਾ ਸੀ। ਸੈਕਟਰ-82 ’ਚ ਪਲਾਟ ਨੰਬਰ 503 ’ਚ ਕਾਰਾਂ ਦੀ ਵਰਕਸ਼ਾਪ ਹੈ, ਜਿੱਥੇ ਕਾਫ਼ੀ ਲੰਬੇ ਸਮੇਂ ਤੋਂ ਭੁਪਿੰਦਰ ਸਿੰਘ ਉਸ ਦੇ ਕੋਲ ਸਿਗਰਟ ਉਧਾਰ ਲੈ ਜਾਂਦਾ ਸੀ। 21 ਅਕਤੂਬਰ ਨੂੰ ਰਾਤ ਕਰੀਬ 8 ਵਜੇ ਮੁਲਜ਼ਮ ਉਸ ਦੇ ਕੋਲ ਸਿਗਰਟ ਲੈਣ ਲਈ ਆਇਆ ਜਿਸ ਨੇ ਉਸ ਤੋਂ ਸਿਗਰਟ ਦੀ ਡੱਬੀ ਲੈ ਕੇ ਉਧਾਰ ਕਰਨ ਲਈ ਕਿਹਾ, ਜਿਸ ’ਤੇ ਉਸ ਨੇ ਮੁਲਜ਼ਮ ਨੂੰ ਕਿਹਾ ਕਿ ਉਹ ਹੁਣ ਉਧਾਰ ਸਿਗਰਟ ਨਹੀਂ ਦੇਵੇਗਾ ਅਤੇ ਜੇਕਰ ਉਸ ਨੂੰ ਸਿਗਰਟ ਦੀ ਡੱਬੀ ਚਾਹੀਦੀ ਹੈ ਤਾਂ ਉਹ ਪਹਿਲਾਂ ਉਸ ਦਾ 500 ਰੁਪਏ ਦਾ ਉਧਾਰ ਚੁਕਾਏ। ਇਸ ਗੱਲ ਨੂੰ ਲੈ ਕੇ ਮੁਲਜ਼ਮ ਗੁੱਸੇ ’ਚ ਆ ਗਿਆ ਅਤੇ ਉਸ ਨੂੰ ਗਾਲ੍ਹਾਂ ਕੱਢਣ ਲੱਗਾ ਜਿਸ ’ਤੇ ਉਸ ਨੇ ਭੁਪਿੰਦਰ ਨੂੰ ਰੋਕਿਆ ਤਾਂ ਮੁਲਜ਼ਮ ਨੇ ਉਸ ਨੂੰ ਗਲ਼ੇ ਤੋਂ ਫੜ ਕੇ ਹੇਠਾਂ ਸੁੱਟ ਦਿੱਤਾ। ਕੋਲ ਹੀ ਸ਼ਿਕੰਜਵੀ ਦੀ ਰੇਹੜੀ ਲਗਾ ਕੇ ਖੜ੍ਹਾ ਮੁਖਤਿਆਰ ਦਾ ਪੁੱਤਰ ਇਹ ਸਭ ਵੇਖ ਰਿਹਾ ਸੀ। ਉਸ ਦਾ ਪੁੱਤਰ ਅਤੇ ਜਵਾਈ ਅਭੈ ਕੁਮਾਰ ਉਸ ਨੂੰ ਛੁਡਾਉਣ ਲਈ ਆਏ ਤਾਂ ਮੁਲਜ਼ਮ ਉਸ ਸਮੇਂ ਗਾਲ੍ਹਾਂ ਕੱਢਦਾ ਹੋਇਆ ਉੱਥੋਂ ਚਲਾ ਗਿਆ। ਪਰ ਕੁਝ ਸਮੇਂ ਬਾਅਦ ਭੁਪਿੰਦਰ ਆਪਣੇ ਦੋਸਤ ਨਾਲ ਲੈ ਕੇ ਉੱਥੇ ਆਇਆ ਅਤੇ ਦੁਬਾਰਾ ਤੋਂ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਲੱਗਾ। ਮੁਲਜ਼ਮ ਰਿੰਕੂ ਨੂੰ ਕਹਿਣ ਲੱਗਾ ਕਿ ਪਿ੍ਰੰਸ ਨੂੰ ਆਪਣੇ ਬਾਪ ਦੀ ਹਮਦਰਦੀ ਦਾ ਖਮਿਆਜ਼ਾ ਭੁਗਤਣਾ ਪਵੇਗਾ ਅਤੇ ਇਸ ਨੂੰ ਜ਼ਿੰਦਾ ਨਹੀਂ ਛੱਡਣਾ। ਮੁਖਤਿਆਰ ਨੇ ਦੱਸਿਆ ਕਿ ਉਹ ਅਜੇ ਕੁਝ ਸਮਝ ਪਾਉਂਦਾ ਇਸੇ ਦੌਰਾਨ ਮੁਲਜ਼ਮ ਨੇ ਉਸ ਦੇ ਪੁੱਤਰ ਨੂੰ ਬਾਂਹ ਤੋਂ ਫੜਿਆ ਅਤੇ ਆਪਣੀ ਕਮਰ ’ਚ ਲੁਕਾਏ ਚਾਕੂ ਨੂੰ ਕੱਢ ਕੇ ਪਿ੍ਰੰਸ ਦੇ ਢਿੱਡ ’ਤੇ ਵਾਰ ਕਰ ਦਿੱਤਾ। ਮੁਲਜ਼ਮ ਨੇ ਪਿ੍ਰੰਸ ਦੇ ਤਿੰਨ ਚਾਰ ਵਾਰ ਚਾਕੂ ਮਾਰਿਆ ਅਤੇ ਜਦੋਂ ਪਿ੍ਰੰਸ ਲਹੂਲੁਹਾਨ ਹਾਲਤ ’ਚ ਜ਼ਮੀਨ ’ਤੇ ਡਿੱਗ ਗਿਆ ਤਾਂ ਮੁਲਜ਼ਮ ਅਤੇ ਉਸ ਦਾ ਦੋਸਤ ਮੌਕੇ ਤੋਂ ਫ਼ਰਾਰ ਹੋ ਗਏ। ਉਹ ਨਿੱਜੀ ਵਾਹਨ ਦੀ ਮਦਦ ਨਾਲ ਆਪਣੇ ਜ਼ਖ਼ਮੀ ਪੁੱਤਰ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਚੈਰੀਟੇਬਲ ਹਸਪਤਾਲ ਸੋਹਾਣਾ ਲੈ ਕੇ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Posted By: Jagjit Singh