ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ : ਬਾਰ੍ਹਵੀਂ ਜਮਾਤ ਨਾਲ ਸਬੰਧਤ ਅੰਗਰੇਜ਼ੀ ਵਿਸ਼ੇ ਦਾ ਪ੍ਰਸ਼ਨ-ਪੱਤਰ ਲੀਕ ਹੋਣ ਕਰਕੇ ਹੋਈ ਵੱਡੀ ਕਿਰਕਰੀ ਤੋਂ ਸਬਕ ਲੈਂਦਿਆਂ ਬੋਰਡ ਮੈਨੇਜਮੈਂਟ ਨੇ ਸਖ਼ਤੀ ਵਾਲੇ ਫ਼ੈਸਲੇ ਲਏ ਹਨ। ਕੰਟਰੋਲਰ ਪ੍ਰੀਖਿਆਵਾਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵੀਰਵਾਰ ਨੂੰ ਪੰਜਾਬ ਭਰ ਨਵੀਆਂ ਹਦਾਇਤਾਂ ਜਾਰੀ ਕਰਦਿਆਂ ਕਿਹਾ ਹੈ ਕਿ ਜੇ ਨਕਲ ਕਾਰਨ ਭਵਿੱਖ ਵਿਚ ਕਦੇ ਪ੍ਰੀਖਿਆ ਰੱਦ ਹੁੰਦੀ ਹੈ ਤਾਂ ਇਸ ਨੂੰ ਦੁਬਾਰਾ ਕਰਵਾਉਣ ਲਈ ਆਉਣ ਵਾਲੇ ਖ਼ਰਚ ਦਾ ਸਾਰਾ ਬੋਝ ਪ੍ਰੀਖਿਆ ਕੇਦਰ ਅਮਲੇ ਦੀ ਜੇਬ ’ਤੇ ਪਵੇਗਾ। ਇਹ ਵ੍ਹਟਸਐਪ ਸੁਨੇਹਾ ਸਾਰੇ ਪੰਜਾਬ ਦੇ ਸਾਰੇ ਹੈੱਡਮਾਸਟਰਾਂ ਤੇ ਪ੍ਰੀਖਿਆ ਕੇਂਦਰ ਸੁਪਡੈਟਸ ਕੋਲ ਪੁਜਣ ਮਗਰੋਂ ਪੂਰੀ ਮੁਲਾਜ਼ਮ ਚੌਕਸ ਹੋਣ ਦੇ ਨਾਲ-ਨਾਲ ’ਤੇ ਦੁਖੀ ਹੋ ਗਏ ਹਨ। ਬਹੁਤੇ ਮੁਲਾਜ਼ਮ ਇਸ ਨੂੰ ਹੂੰਝਾ-ਫੇਰੂ ਫਰਮਾਨ ਦੱਸ ਰਹੇ ਹਨ ਤੇ ਇਹ ਮੰਗ ਕਰ ਰਹੇ ਹਨ ਕਿ ਸਾਰੇ ਅਮਲੇ ਨੂੰ ਭਾਗੀਦਾਰ ਬਣਾਉਣਾ ਠੀਕ ਨਹੀਂ ਹੈ।

ਕੰਟਰੋਲਰ ਪ੍ਰੀਖਿਆਵਾਂ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕਿਸੇ ਪ੍ਰੀਖਿਆ ਕੇਂਦਰ ਵਿਚ ਨਕਲ ਜਾ ਅਣਸੁਖਾਵੇਂ ਮਾਹੌਲ ਹੋਣ ਕਾਰਨ ਵਿਸ਼ੇ ਦੀ ਪ੍ਰੀਖਿਆ ਰੱਦ ਹੋਣ ਦੀ ਸੂਰਤ ’ਚ ਡਿਊਟੀ ਦੇ ਰਹੇ ਸਮੁੱਚੇ ਸਟਾਫ਼ (ਸੇਵਾਦਾਰ ਤੇ ਕਲੈਰੀਕਲ ਕੰਮ ਕਰਨ ਵਾਲੇ ਨੂੰ ਛੱਡ ਕੇ) ਖ਼ਿਲਾਫ਼ ਵਿਭਾਗੀ ਕਾਰਵਾਈ ਹੋਵੇਗੀ। ਨਾਲ ਹੀ ਪ੍ਰੀਖਿਆ ਮੁੜ ਕਰਾਉਣ ’ਤੇ ਆਏ ਵਿੱਤੀ ਖਰਚੇ ਦੀ ਪੂਰਤੀ ਡਿਊਟੀ ਸਟਾਫ਼ ਤੋਂ ਕੀਤੀ ਜਾਵੇਗੀ। ਬਾਹਰੀ ਦਖ਼ਲਅੰਦਾਜ਼ੀ ਹੋਣ ਦੀ ਸੂਰਤ ਵਿਚ ਕੇਂਦਰ ਕੰਟਰੋਲਰ ਦੀ ਵੀ ਬਰਾਬਰ ਭਾਗੀਦਾਰੀ ਹੋਵੇਗਾ। ਇਸ ਕਰ ਕੇ ਬੋਰਡ ਪ੍ਰੀਖਿਆਵਾਂ ਪੂਰੀ ਵਫ਼ਾਦਾਰੀ, ਇਮਾਨਦਾਰੀ, ਲਗਨ ਤੇ ਮਰਿਆਦਾ ਨਾਲ ਕਰਾਉਣ ਲਈ ਸਬੰਧਿਤ ਡਿਊਟੀ ਸਟਾਫ਼ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਵੇ। ਦੱਸਣਾ ਬਣਦਾ ਹੈ ਕਿ 24 ਫਰਵਰੀ ਨੂੰ ਬਾਰ੍ਹਵੀਂ ਜਮਾਤ ਦਾ ਪਹਿਲਾ ਪਰਚਾ ਅੰਗਰੇਜ਼ੀ ਅੰਗਰੇਜ਼ੀ ਵਿਸ਼ੇ ਦਾ ਸੀ, ਜੋ ਕਿ ਪ੍ਰੀਖਿਆਵਾਂ ਤੋਂ ਠੀਕ 3-4 ਘੰਟੇ ਪਹਿਲਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਸੀ। ਇਸ ਤੋਂ ਬਾਅਦ ਪਿਛਲੇ ਦਿਨੀਂ ਹੋਏ ਪੀਐੱਸਟੀਈਟੀ ਦੀ ਪ੍ਰੀਖਿਆ ਦਾ ਪੇਪਰ ਵੀ ਲੀਕ ਹੋ ਗਿਆ ਜਿਸ ਕਰ ਕੇ ਸੂਬਾ ਸਰਕਾਰ ਦੀ ਵੱਡੀ ਬਦਨਾਮੀ ਹੋਈ ਸੀ।

Posted By: Sandip Kaur