ਸਤਵਿੰਦਰ ਸਿੰਘ ਧੜਾਕ, ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਓਪਨ ਸਕੂਲ ਪ੍ਰਣਾਲੀ ਅਧੀਨ ਅਕਾਦਮਿਕ ਸਾਲ 2020-21 ਦੀ ਦਸਵੀਂ ਸ਼੍ਰੇਣੀ ਦੀ ਅਨੁਪੂਰਕ ਪ੍ਰੀਖਿਆ ਦੀ ਰੀ-ਅਪੀਅਰ ਕੈਟਾਗਰੀ ਲਈ ਫ਼ੀਸ ਅਤੇ ਫ਼ਾਰਮ ਜਮ੍ਹਾਂ ਕਰਵਾਉਣ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।

ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆ ਵਾਂ ਸ਼੍ਰੀ ਜੇ.ਆਰ. ਮਹਿਰੋਕ ਵੱਲੋਂ ਜਾਰੀ ਸੂਚਨਾ ਅਨੁਸਾਰ ਇਸ ਪ੍ਰੀਖਿਆ ਲਈ ਫ਼ੀਸ,1050 ਰੁਪਏ ਪ੍ਰਤੀ ਪ੍ਰੀਖਿਆ ਰਥੀ ਨਿਰਧਾਰਤ ਕੀਤੀ ਗਈ ਹੈ।

ਸੂਚਨਾ ਅਨੁਸਾਰ ਓਪਨ ਸਕੂਲ ਪ੍ਰਣਾਲੀ ਅਧੀਨ ਰੀ-ਅਪੀਅਰ ਕੈਟਾਗਰੀ ਦੀ ਇਸ ਪਰੀਖਿਆ ਲਈ ਬਿਨਾਂ ਲੇਟ ਫੀਸ ਪ੍ਰੀਖਿਆ ਫ਼ਾਰਮ ਭਰਨ ਅਤੇ ਆਨ-ਲਾਈਨ ਫ਼ੀਸ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 28 ਸਤੰਬਰ 2020 ਹੈ| ਪ੍ਰਤੀ ਪ੍ਰੀਖਿਆ ਰਥੀ 500 ਰੁਪਏ ਲੇਟ ਫ਼ੀਸ ਨਾਲ ਪ੍ਰੀਖਿਆ ਫ਼ਾਰਮ ਭਰਨ ਅਤੇ ਆਨ-ਲਾਈਨ ਫ਼ੀਸ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 3 ਅਕਤੂਬਰ 2020 ਅਤੇ ਪ੍ਰਤੀ ਪਰੀਖਿਆਰਥੀ 1000 ਰੁਪਏ ਲੇਟ ਫ਼ੀਸ ਨਾਲ ਪ੍ਰੀਖਿਆ ਫ਼ਾਰਮ ਭਰਨ ਅਤੇ ਆਨ-ਲਾਈਨ ਫੀਸ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 8 ਅਕਤੂਬਰ 2020 ਹੋਵੇਗੀ| ਇਸ ਉਪਰੰਤ ਪਰੀਖਿਆਰਥੀ 2000 ਰੁਪਏ ਪ੍ਰਤੀ ਪਰੀਖਿਆਰਥੀ ਲੇਟ ਫ਼ੀਸ ਨਾਲ 13 ਅਕਤੂਬਰ 2020 ਤੱਕ ਆਪਣੀ ਫ਼ੀਸ ਅਤੇ ਪਰੀਖਿਆ ਫ਼ਾਰਮ ਆਨ-ਲਾਈਨ ਭਰ ਸਕਣਗੇ।

ਵੇਰਵਿਆਂ ਅਨੁਸਾਰ ਜ਼ਿਲ੍ਹਾ ਪੱਧਰੀ ਖੇਤਰੀ ਦਫ਼ਤਰਾਂ ਵਿੱਚ ਵੀ ਬਿਨਾਂ ਲੇਟ ਫੀਸ ਪਰੀਖਿਆ ਫ਼ਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 5 ਅਕਤੂਬਰ 2020 ਨਿਸਚਿਤ ਕੀਤੀ ਗਈ ਹੈ ਜਦੋਂ ਕਿ 500 ਰੁਪਏ ਲੇਟ ਫ਼ੀਸ ਨਾਲ ਪ੍ਰੀਖਿਆ ਫ਼ਾਰਮ 9 ਅਕਤੂਬਰ 2020 ਤੱਕ ਅਤੇ 1000 ਰੁਪਏ ਲੇਟ ਫ਼ੀਸ ਨਾਲ 12 ਅਕਤੂਬਰ 2020 ਤੱਕ ਖ਼ੇਤਰੀ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਏ ਜਾ ਸਕਦੇ ਹਨ| ਇਸ ਉਪਰੰਤ 2000 ਰੁਪਏ ਲੇਟ ਫ਼ੀਸ ਨਾਲ 16 ਅਕਤੂਬਰ 2020 ਤੱਕ ਖ਼ੇਤਰੀ ਦਫ਼ਤਰਾਂ ਵਿਖੇ ਪਰੀਖਿਆ ਫ਼ਾਰਮ ਜਮ੍ਹਾਂ ਕਰਵਾਏ ਜਾ ਸਕਣਗੇ|

ਕੰਟਰੋਲਰ ਪਰੀਖਿਆਵਾਂ ਸ੍ਰੀ ਮਹਿਰੋਕ ਨੇ ਕਿਹਾ ਕਿ ਪਰੀਖਿਆ ਫ਼ੀਸ ਕੇਵਲ ਆਨ-ਲਾਈਨ ਡੈਬਿਟ, ਕਰੈਡਿਟ ਅਤੇ ਨੈੱਟ-ਬੈਂਕਿੰਗ ਗੇਟਵੇਅ ਰਾਹੀਂ ਹੀ ਜਮ੍ਹਾਂ ਕਰਵਾਈ ਜਾਵੇ। ਅਨੁਪੂਰਕ ਪਰੀਖਿਆ ਸਬੰਧੀ ਸੰਪੂਰਨ ਜਾਣਕਾਰੀ ਲਈ ਪ੍ਰਾਸਪੈਕਟਸ ਅਤੇ ਆਨ-ਲਾਈਨ ਪਰੀਖਿਆ ਫ਼ਾਰਮ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in 'ਤੇ ਉਪਲੱਬਧ ਕਰਵਾ ਦਿੱਤੇ ਗਏ ਹਨ| ਇਸ ਪ੍ਰੀਖਿਆ ਸਬੰਧੀ ਰੋਲ ਨੰਬਰ ਕੇਵਲ ਬੋਰਡ ਦੀ ਵੈੱਬਸਾਈਟ 'ਤੇ ਹੀ ਉਪਲੱਬਧ ਕਰਵਾਏ ਜਾਣਗੇ।

Posted By: Sunil Thapa