ਤਰਲੋਚਨ ਸਿੰਘ ਸੋਢੀ,ਕੁਰਾਲੀ: ਸਥਾਨਕ ਸ਼ਹਿਰ ਦੇ ਰੂਪਨਗਰ ਮਾਰਗ ਤੇ ਪੈਂਦੇ ਵਾਰਡ ਨੰਬਰ 6 ਮਾਡਲ ਟਾਊਨ ਦੀ ਇਕ ਲੜਕੀ ਜੋ ਕਿ ਬਾਲੀਵੁੱਡ ਐਕਟਰ ਸੁਸ਼ਾਂਤ ਰਾਜਪੂਤ ਦੀ ਮੌਤ ਤੋਂ ਪਰੇਸ਼ਾਨ ਚਲੀ ਆ ਰਹੀ ਨੇ ਫਾਹਾ ਲੈ ਕੇ ਜੀਵਲ ਲੀਲਾ ਸਮਾਪਤ ਕਰ ਲਈ। ਸਥਾਨਕ ਸਿਟੀ ਥਾਣਾ ਪੁਲਿਸ ਵਲੋਂ ਮਾਮਲੇ ਦੀ ਜਾਂਚ ਤੇ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਘਟਨਾਂ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਵਾਰਡ ਨੰਬਰ 6 ਮਾਡਲ ਟਾਊਨ ਦੀ ਇੱਕ ਮਨਵੀਰ ਕੌਰ ਨਾਮਕ ਲੜਕੀ ਬਾਲੀਵੁੱਡ ਐਕਟਰ ਸੁਸ਼ਾਂਤ ਰਾਜਪੂਤ ਦੀ ਪੱਕੀ ਫੈਨ ਸੀ। ਸੁਸ਼ਾਂਤ ਵਲੋਂ ਕੀਤੀ ਖੁਦਕੁਸ਼ੀ ਨੂੰ ਲੈ ਕੇ ਇਹ ਲੜਕੀ ਮਨਵੀਰ ਕੌਰ ਕਾਫੀ ਪ੍ਰੇਸ਼ਾਨ ਰਹਿਣ ਲੱਗ ਪਈ। ਇਸੇ ਦੌਰਾਨ ਬੋਰਡ ਦੀ ਪ੍ਰੀਖਿਆਂ ਦੀ ਦਸਵੀਂ ਜਮਾਤ ਦੇ ਆਏ ਨਤੀਜੇ ਵਿਚ ਮਨਵੀਰ ਕੌਰ ਦੇ ਅੰਕ ਘੱਟ ਆਉਣ ਕਾਰਨ ਉਸਦੀ ਮਾਨਸਿਕ ਪਰੇਸ਼ਾਨੀ ਹੋਰ ਵੀ ਵਧ ਗਈ।

ਮਨਵੀਰ ਕੌਰ ਦੀ ਮਾਂ ਅੰਮ੍ਰਿਤਪਾਪਲ ਕੌਰ ਨੇ ਦੱਸਿਆ ਕਿ ਅੱਜ ਉਹ ਕਿਧਰੇ ਗਏ ਹੋਏ ਸਨ ਜਿਸ ਦੌਰਾਨ ਉਨ੍ਹਾਂ ਦੀ ਪੁੱਤਰੀ ਮਨਵੀਰ ਕੌਰ ਉਨ੍ਹਾਂ ਦੇ ਘਰ ਵਿਚ ਇਕੱਲੀ ਹੀ ਸੀ। ਜਦੋਂ ਉਹ ਵਾਪਸ ਪਰਤੀ ਤਾਂ ਉਸ ਨੇ ਦੇਖਿਆ ਕਿ ਮਨਵੀਰ ਕੌਰ ਨੇ ਗਲ ਫਾਹਾ ਲਿਆ ਹੋਇਆ ਸੀ ਅਤੇ ਉਸਦੀ ਜੀਵਨ ਲੀਲਾ ਸਮਾਪਤ ਹੋ ਚੁੱਕੀ ਸੀ। ਇਸੇ ਦੌਰਾਨ ਮਨਵੀਰ ਨੂੰ ਤੁਰੰਤ ਸਥਾਨਕ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਇਸੇ ਦੌਰਾਨ ਸਥਾਨਕ ਸਿਟੀ ਪੁਲਿਸ ਨੇ ਮਨਵੀਰ ਕੌਰ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸਥਾਨਕ ਸਿਟੀ ਪੁਲਿਸ ਦੇ ਜਾਂਚ ਅਧਿਕਾਰੀ ਕੇਸਰ ਸਿੰਘ ਨੇ ਦੱਸਿਆ ਕਿ ਮਨਵੀਰ ਕੌਰ ਦੀ ਮਾਤਾ ਦੇ ਬਿਆਨਾਂ ਦੇ ਧਾਰ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ । ਇਸੇ ਦੌਰਾਨ ਏ ਐਸ ਆਈ ਕੇਸਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦਾ ਐਤਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ। ਸਥਾਨਕ ਸਿਟੀ ਥਾਣਾ ਪੁਲੀਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Posted By: Jagjit Singh