ਮੋਹਾਲੀ, 21 ਅਕਤੂਬਰ : ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਮੋਹਾਲੀ ਵਿਧਾਨ ਸਭਾ ਹਲਕੇ ਦੀਆਂ ਲਿੰਕ ਸੜਕਾਂ ਵਾਸਤੇ 9 ਕਰੋੜ 73 ਲੱਖ ਰੁਪਏ ਹੋਰ ਮਨਜ਼ੂਰ ਹੋਏ ਹਨ, ਜਿਸ ਨਾਲ ਲਿੰਕ ਸੜਕਾਂ ਨੂੰ 10 ਤੋਂ 18 ਫੁੱਟ ਤੱਕ ਚੌੜਾ ਕਰਨ ਤੇ ਫਿਰਨੀਆਂ ਨੂੰ ਪੱਕਾ ਕਰਨ ਦਾ ਕੰਮ ਜਲਦੀ ਸ਼ੁਰੂ ਕਰਵਾਇਆ ਜਾਵੇਗਾ।

ਇੱਥੇ ਪਿੰਡ ਬਠਲਾਣਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਨਾਲ ਜੋੜਦੀ ਸੜਕ ਦੀ ਮੁਰੰਮਤ ਦੀ ਸ਼ੁਰੂਆਤ ਕਰਵਾਉਂਦਿਆਂ ਸ. ਸਿੱਧੂ ਨੇ ਕਿਹਾ ਕਿ ਹਲਕੇ ਦੀਆਂ ਸੜਕਾਂ ਦੀ ਕਾਇਆ-ਕਲਪ ਕਰਨ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਦੇ ਨਾਲ-ਨਾਲ ਲਿੰਕ ਸੜਕਾਂ ਨੂੰ 10 ਤੋਂ 18 ਫੁੱਟ ਤੱਕ ਚੌੜਾ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਸੌਖ ਹੋ ਸਕੇ। ਉਨ੍ਹਾਂ ਦੱਸਿਆ ਕਿ ਬਠਲਾਣਾ ਪਿੰਡ ਦੀ ਇਸ ਸੜਕ ਉਤੇ 18.76 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਕੰਮ ਨੂੰ ਜਲਦੀ ਨੇਪਰੇ ਚਾੜ੍ਹ ਦਿੱਤਾ ਜਾਵੇਗਾ।

ਵਿਧਾਇਕ ਨੇ ਦੱਸਿਆ ਕਿ ਪਿੰਡ ਸਨੇਟਾ ਤੋਂ ਗਡਾਣਾ, ਢੇਲਪੁਰ, ਤਸੌਲੀ, ਅਬਰਾਵਾਂ ਅਤੇ ਦੈੜੀ ਤੋਂ ਨਗਾਰੀ, ਗੀਗੇਮਾਜਰਾ ਤੇ ਮਿੱਢੇਮਾਜਰਾ ਨੂੰ ਜਾਂਦੀ ਸੜਕ ਨੂੰ 10 ਤੋਂ 18 ਫੁੱਟ ਕਰਨ ਦਾ ਕੰਮ ਚੱਲ ਰਿਹਾ ਹੈ, ਜੋ ਮੁਕੰਮਲ ਹੋਣ ਦੇ ਕਰੀਬ ਹੈ। ਇਨ੍ਹਾਂ ਸੜਕਾਂ ਉਤੇ ਕੁੱਲ 11 ਕਰੋੜ ਦੀ ਲਾਗਤ ਆਈ ਹੈ।

ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਵਾਈਸ ਚੇਅਰਮੈਨ ਲੇਬਰਫੈੱਡ ਪੰਜਾਬ ਠੇਕੇਦਾਰ ਮੋਹਨ ਸਿੰਘ ਬਠਲਾਣਾ, ਕਰਮਜੀਤ ਸਿੰਘ ਸਰਪੰਚ ਬਠਲਾਣਾ, ਸਰਬਜੀਤ ਸਿੰਘ, ਜੀਤ ਸਿੰਘ ਪੰਚ, ਸੁਖਵਿੰਦਰ ਕੌਰ ਪੰਚ, ਬਸ਼ੀਰ ਖਾਨ ਪੰਚ, ਸੰਤ ਸਿੰਘ ਰੋਡਾ, ਕਪਤਾਨ ਸਿੰਘ ਪੰਚ ਅਤੇ ਵਜੀਰ ਸਿੰਘ ਸਾਬਕਾ ਸਰਪੰਚ ਬਠਲਾਣਾ ਹਾਜ਼ਰ ਸਨ।

Posted By: Ramandeep Kaur