ਸਤਵਿੰਦਰ ਸਿੰਘ ਧੜਾਕ : ਪਿੰਡ ਦਾਊਂ ਦੀ ਗਗਨਦੀਪ ਕੌਰ ਦਾ ਵਿਆਹ ਖੰਨਾ ਨਿਵਾਸੀ ਰਾਜਦੀਪ ਸਿੰਘ ਨਾਲ 29 ਮਾਰਚ ਨੂੰ ਧੂਮ ਧੜੱਕੇ ਨਾਲ ਇਕ ਮੈਰਿਜ ਪੈਲੇਸ ਵਿਚ ਹੋਣਾ ਨੀਅਤ ਹੋਇਆ ਸੀ। ਪਰਿਵਾਰਕ ਮੈਂਬਰ ਇਸ ਵਿਆਹ ਵਿਚ ਸ਼ਾਮਲ ਹੋਣ ਲਈ ਖ਼ਾਸ ਤੌਰ ਉੱਤੇ ਅਮਰੀਕਾ ਤੋਂ ਆਏ ਹੋਏ ਸਨ, ਪਰ ਕੋਰੋਨਾ ਬਿਮਾਰੀ ਦੇ ਫੈਲਾਓ ਦੇ ਡਰ ਤੇ ਕਰਫਿਊ ਲੱਗਣ ਕਾਰਨ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋਣ ਤੋਂ ਬਾਅਦ ਵੀ ਇਸ ਵਿਆਹ ਨੂੰ ਟਾਲ਼ ਦਿੱਤਾ ਗਿਆ ਸੀ। ਬੇਸ਼ਕ ਇਹ ਵਿਆਹ ਟਾਲ਼ ਦਿੱਤਾ ਗਿਆ ਸੀ ਤੇ ਪਰਿਵਾਰ ਬਾਅਦ ਵਿਚ ਵੀ ਵਿਆਹ ਨੂੰ ਧੂਮ ਧੜੱਕੇ ਨਾਲ ਕਰ ਸਕਦਾ ਸੀ ਪਰ ਦੋਨੋ ਪਰਿਵਾਰਾਂ ਨੇ ਕਰਫਿਊ ਦਾ ਲਾਹਾ ਲੈਂਦਿਆਂ ਸਮਾਜ ਨੂੰ ਸੇਧ ਦੇਣ ਲਈ ਇਸ ਵਿਆਹ ਨੂੰ ਬਿਲਕੁੱਲ ਸਾਦੇ ਢੰਗ ਨਾਲ ਕਰਨ ਦਾ ਫੈਸਲਾ ਲਿਆ।


ਅੱਜ ਮੁੰਡੇ ਵਾਲੇ ਪਰਿਵਾਰ ਦੇ ਸਿਰਫ਼ ਚਾਰ ਮੈਂਬਰ ਆਨੰਦ ਕਾਰਜ ਕਰਵਾਉਣ ਲਈ ਬਗੈਰ ਕਿਸੇ ਆਓ ਭਗਤ ਕਰਵਾਉਣ ਤੇ ਚਾਹ ਪਾਣੀ ਪੀਣ ਤੋਂ ਸਿੱਧਾ ਹੀ ਗ੍ਰੀਨ ਇੰਕਲੇਵ ਪਿੰਡ ਦਾਊਂ ਦੇ ਗੁਰਦਵਾਰਾ ਸਾਹਿਬ ਪਹੁੰਚ ਗਏ। ਜਿੱਥੇ ਕੁੜੀ ਵਾਲੇ ਪਰਿਵਾਰ ਦੇ ਵੀ ਸਿਰਫ਼ ਚਾਰ ਮੈਂਬਰ ਹੀ ਹਾਜ਼ਰ ਸਨ। ਆਨੰਦ ਕਾਰਜ ਹੋਣ ਤੋਂ ਬਾਅਦ ਨਵੀਂ ਵਿਆਹੀ ਜੋੜੀ ਜਦੋਂ ਪਿੰਡ ਵਿਚ ਦਾਖ਼ਲ ਹੋਣ ਲੱਗੀ ਤਾਂ ਪਿੰਡ ਦੇ ਰਸਤੇ ਉੱਤੇ ਪੰਚਾਇਤ ਤੇ ਕਲੱਬ ਮੈਂਬਰਾਂ ਵੱਲੋਂ ਬਾਹਰੀ ਲੋਕਾਂ ਨੂੰ ਪਿੰਡ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਨਾਕਾ ਲਗਾਇਆ ਹੋਇਆ ਸੀ। ਇਸ ਨਾਕੇ ਉੱਤੇ ਹਾਜ਼ਰ ਪਤਵੰਤਿਆਂ ਤੇ ਸਰਪੰਚ ਅਜਮੇਰ ਸਿੰਘ ਵੱਲੋਂ ਸਭ ਦੇ ਹੱਥ ਸੈਨੀਟਾਇਜਰ ਨਾਲ ਸਾਫ਼ ਕਰਵਾਉਣ ਤੋਂ ਬਾਅਦ ਨਵੀਂ ਵਿਆਹੀ ਜੋੜੀ ਤੇ ਫੁੱਲਾਂ ਦੀ ਵਰਖਾ ਕਰਕੇ ਤੇ ਸਿਰੋਪੇ ਪਾ ਕੇ ਸਵਾਗਤ ਕੀਤਾ ਗਿਆ।


ਵਿਆਹ ਵਾਲੇ ਮੁੰਡੇ ਰਾਜਦੀਪ ਸਿੰਘ ਨੇ ਵਿਆਹ ਨੂੰ ਬਿਲਕੁੱਲ ਸਧਾਰਨ ਰੱਖਣ ਲਈ ਮਹਿਗੇ ਕਪੜਿਆ ਨੂੰ ਛੱਡ ਕੇ ਸਿਰਫ਼ ਸਧਾਰਨ ਚਿੱਟਾ ਕੁੜਤਾ ਪਜਾਮਾ ਪਾ ਕੇ ਹੀ ਵਿਆਹ ਕਰਵਾਇਆ ਅਤੇ ਹੋਰ ਕਿਸੇ ਕਿਸਮ ਦੇ ਰਸਮੋ ਰਿਵਾਜ ਨੂੰ ਵੀ ਨਹੀਂ ਕੀਤਾ। ਬੇਸ਼ੱਕ ਇਸ ਸਧਾਰਨ ਵਿਆਹ ਦੀ ਪੂਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਹੈ ਪਰ ਕੋਰੋਨਾ ਵਾਇਰਸ ਦੇ ਫੈਲਾਓ ਨੂੰ ਰੋਕਣ ਤੇ ਸਧਾਰਨ ਵਿਆਹ ਨੂੰ ਧਿਆਨ ਵਿਚ ਰੱਖਦਿਆਂ ਕਿਸੇ ਕਿਸਮ ਦੇ ਚਾਹ- ਪਾਣੀ ਤੇ ਭੋਜਨ ਦੀ ਦਾਅਵਤ ਵੀ ਨਹੀਂ ਦਿੱਤੀ ਗਈ ਇੱਥੋਂ ਤਕ ਕੇ ਗਵਾਂਢੀਆਂ ਤੇ ਹੋਰ ਪਤਵੰਤਿਆਂ ਨੂੰ ਵੀ ਵਿਆਹ ਵਿਚ ਸ਼ਾਮਲ ਨਹੀਂ ਕੀਤਾ ਗਿਆ। ਦੋਨੋ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਾਦੇ ਵਿਆਹ ਮੌਜੂਦਾ ਸਮੇਂ ਦੀ ਲੋੜ ਹੈ ਤਾਂ ਕੇ ਇਹਨਾ ਦੀ ਨਕਲ ਮਾਰ ਕੇ ਪੰਜਾਬ ਦੇ ਹੋਰ ਲੋਕ ਵੀ ਫਜ਼ੂਲ ਖਰਚਿਆ ਅਤੇ ਫਜ਼ੂਲ ਰਸਮੋ ਰਿਵਾਜ਼ਾਂ ਨੂੰ ਤਿਲਾਂਜਲੀ ਦੇ ਕੇ ਸਧਾਰਨ ਵਿਆਹ ਕਰਨ ਲਈ ਅੱਗੇ ਆਉਣ।

Posted By: Sarabjeet Kaur