ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ : ਸੰਸਾਰ ਵਿਆਪੀ ਮਹਾਮਾਰੀ ਨਾਲ ਜੂਝ ਰਹੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਸੰਭਾਵਿਤ ਨੁਕਸਾਨ ਨੂੰ ਭਾਂਪਦਿਆਂ 'ਰਾਜ ਖੋਜ ਤੇ ਸਿੱਖਲਾਈ ਪ੍ਰੀਸ਼ਦ' (ਐੱਸਸੀਈਆਰਟੀ) ਪੰਜਾਬ ਨੇ ਛੇਵੀਂ ਤੋਂ ਅੱਠਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਐੱਸਸੀਈਆਰਟੀ ਨੇ ਅਕਾਦਮਿਕ ਸਾਲ 2020-21 ਦੇ ਸਿਲੇਬਸ ਵਿਚ ਕਟੌਤੀ ਕਰ ਕਰਕੇ ਨਵੇਂ ਪਾਠਕ੍ਰਮ ਵਿਚੋਂ ਹੀ ਪੇਪਰ ਲਏ ਜਾਣ ਦੀਆਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਹਨ। ਇਸ ਫ਼ੈਸਲੇ ਤੋਂ ਬਾਅਦ ਸਿੱਖਿਆ ਵਿਭਾਗ ਤੇ ਸਰਕਾਰ ਦੀ ਪੜ੍ਹਾਈ ਪ੍ਰਤੀ ਮਨਸ਼ਾ ਵੀ ਬਿਲਕੁੱਲ ਸਾਫ਼ ਹੋ ਗਈ ਹੈ ਤੇ ਫ਼ੈਸਲੇ ਤੋਂ ਬਾਅਦ ਇਹ ਗੱਲ ਵੀ ਪੱਕੀ ਹੋ ਗਈ ਹੈ ਅਕਦਮਿਕ ਸਾਲ 2020-21 ‘ਜ਼ੀਰੋ-ਈਅਰ’ ਨਹੀਂ ਜਾਵੇਗਾ। ਇਸ ਤੋਂ ਪਹਿਲਾ ਲੰਘੇ ਅਕਾਦਮਿਕ ਸਾਲ 2019-20 ਵਿਚ ਕੋਰੋਨਾ ਮਹਾਮਾਰੀ ਦੇ ਕਾਰਨ ਬਹੁਤੀਆਂ ਜਮਾਤਾਂ ਦੀਆਂ ਪ੍ਰੀਖਿਆਵਾਂ ਹੀ ਨਹੀਂ ਹੋ ਸਕੀਆਂ ਸਨ ਪਰ ਪ੍ਰੀਖਿਆਰਥੀਆਂ ਨੂੰ ਪਾਸ ਕਰਨਾ ਪਿਆ ਸੀ।

ਸ਼ੁੱਕਰਵਾਰ ਨੂੰ ਜਾਰੀ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਸਬੰਧਤ ਜਮਾਤਾਂ ਦੇ ਵਿਦਿਆਰਥੀਆਂ ਨੂੂੰ ਮਾਰਚ-2020 ਦੀਆਂ ਪ੍ਰੀਖਿਆਵਾਂ ਵਿਚ ਵਿਦਿਆਰਥੀ ਘਟਾਏ ਹੋਏ ਸਿਲੇਬਸ ਮੁਤਾਬਕ ਹੀ ਪ੍ਰੀਖਿਆਵਾਂ ਹੋਣਗੀਆਂ। ਇਸ ਸੂਚੀ ਵਿਚ ਗਣਿਤ, ਹਿੰਦੀ, ਸਾਇੰਸ, ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਨ੍ਹਾਂ ਵਿਚ ਕਰੀਬ 30 ਫ਼ੀਸਦੀ ਘਟਾਏ ਜਾਣ ਦੀ ਚਰਚਾ ਹੈ। ਹਾਲਾਂ ਕਿ ਇਨ੍ਹਾਂ ਵਿਸ਼ਿਆਂ ਦੇ ਅਧਿਆਪਕਾਂ ਦਾ ਮੰਨਣਾਂ ਹੈ ਕਿ ਜਿਹੜਾ ਸਿਲੇਬਸ ਘਟਾਇਆ ਗਿਆ ਹੈ ਉਹ ਤਾਂ ਪਹਿਲਾਂ ਹੀ ਪੜ੍ਹਾ ਦਿੱਤਾ ਗਿਆ ਹੈ। ਸਿੱਕੇ ਦਾ ਦੂਜਾ ਪਹਿਲੂ ਹੈ ਕਿ ਉਹ ਵਿਦਿਆਰਥੀ ਜਿਨ੍ਹਾਂ ਨੇ ਸਾਰਾ ਪਾਠਕ੍ਰਮ ਪੜ੍ਹ ਵੀ ਲਿਆ ਹੈ ਉਨ੍ਹਾਂ ਨੂੰ ਉਸ ਵਿਚੋਂ 30 ਫ਼ੀਸਦੀ ਦੇ ਕਰੀਬ ਵਿਚੋਂ ਪੇਪਰ ਨਹੀਂ ਦੇਣਾਂ ਪਵੇਗਾ। ਕਿਹਾ ਜਾ ਰਿਹਾ ਹੈ ਕਿ ਅਜਿਹਾ ਵਿਦਿਆਰਥੀਆਂ ’ਤੇ ਮਾਨਸਿਕ ਦਬਾਅ ਨੂੰ ਘਟਾਉਣ ਲਈ ਕੀਤਾ ਗਿਆ ਹੈ। ਰਾਜ ਖੋਜ ਤੇ ਸਿੱਖਲਾਈ ਪ੍ਰੀਸ਼ਦ(ਐੱਸਸੀਈਆਰਟੀ) ਪੰਜਾਬ ਨੇ ਕਟੌਤੀ ਕੀਤੇ ਹੋਏ ਸਿਲੇਬਸ ਵਿਚੋਂ ਨਮੂਨੇ ਦੇ ਪ੍ਰਸ਼ਨ-ਪੱਤਰ ਵੀ ਜਾਰੀ ਕੀਤੇ ਗਏ ਹਨ ਜਿਸ ਵਿਚੋਂ ਇਨ੍ਹਾਂ ਵਿਸ਼ਿਆਂ ਦੇ ਅਧਿਆਪਕ ਪੇਪਰ ਤਿਆਰ ਕਰਨਗੇ।

ਵੱਡੀ ਗੱਲ ਇਹ ਹੈ ਕਿ ਅੰਗਰੇਜ਼ੀ ਤੇ ਹਿੰਦੀ ਵਿਸ਼ਿਆਂ ਦੇ ਸਿਲੇਬਸ 30 ਫ਼ੀਸਦੀ ਤਕ ਘਟਾਏ ਜਾਣ ਤੋਂ ਬਾਅਦ ਪਹਿਲਾ ਵਿਸ਼ਾ ਪੰਜਾਬੀ ਦੇ ਅਧਿਆਪਕਾਂ ਵਿਚ ਭਾਰੀ ਰੋਸ ਹੈ। ਪਿਛਲੇ ਦਿਨੀ ਅਧਿਆਪਕ ਜਥੇਬੰਦੀਆਂ ਨੇ ਹਿੰਦੀ, ਅੰਗਰੇਜ਼ੀ ਵਾਂਗ ਹੀ ਪੰਜਾਬੀ ਵਿਸ਼ੇ ਦਾ ਸਿਲੇਬਸ ਵੀ ਘਟਾਏ ਜਾਣ ਦੀ ਮੰਗ ਕੀਤੀ ਸੀ ਪਰ ਅਜਿਹਾ ਹਾਲ ਦੀ ਘੜੀ ਹੋ ਨਹੀਂ ਸਕਿਆ।

Posted By: Amita Verma