*ਜਿਲ੍ਹਾ ਫਰੀਦਕੋਟ ਪੁਲਿਸ ਵੱਲੋ 123 ਵਹੀਕਲਾਂ ਦੀ ਕਰਵਾਈ ਗਈ ਖੁੱਲੀ ਨਿਲਾਮੀ

19 ਲੱਖ 62 ਹਜ਼ਾਰ ਰੁਪਏ ਦੀ ਆਮਦਨ ਸਰਕਾਰੀ ਖ਼ਜ਼ਾਨੇ ’ਚ ਜੁੜੀ
ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਡਾ. ਪ੍ਰਗਿਆ ਜੈਨ ਆਈਪੀਐੱਸ ਐੱਸਐੱਸਪੀ ਫਰੀਦਕੋਟ ਵੱਲੋਂ ਪ੍ਰਸ਼ਾਸਨਿਕ ਪਾਰਦਰਸ਼ਤਾ ਅਤੇ ਸੁਚੱਜੇ ਪ੍ਰਬੰਧਨ ਵੱਲ ਦਿਨ–ਪ੍ਰਤੀ ਦਿਨ ਨਵੇਂ ਕਦਮ ਚੁੱਕੇ ਜਾ ਰਹੇ ਹਨ, ਇਸੇ ਦੀ ਲੜੀ ਵਿੱਚ ਫਰੀਦਕੋਟ ਪੁਲਿਸ ਵਿਭਾਗ ਵੱਲੋ ਐਨ.ਡੀ.ਪੀ.ਐਸ ਮਾਮਲਿਆ, ਹੋਰ ਵੱਖ-ਵੱਖ ਮੁਕੱਦਮਿਆ ਅਤੇ ਲਾਵਾਰਿਸ ਮਿਲੇ ਵੱਖ-ਵੱਖ ਥਾਣਿਆ ਦੇ ਕੁੱਲ 123 ਵਹੀਕਲਾਂ ਨੂੰ ਯੋਗ ਪ੍ਰਣਾਲੀ ਰਾਹੀ ਪੁਲਿਸ ਲਾਈਨ ਫਰੀਦਕੋਟ ਵਿਖੇ ਖੁੱਲ੍ਹੀ ਬੋਲੀ ਕਰਵਾ ਕੇ ਨਿਲਾਮ ਕਰਵਾਇਆ ਗਿਆ। ਇਹਨਾ ਵਾਹਨਾਂ ਦੀ ਨਿਲਾਮੀ ਕਰਕੇ ਸਰਕਾਰੀ ਖ਼ਜ਼ਾਨੇ ਵਿੱਚ 19 ਲੱਖ 62 ਹਜਾਰ ਰੁਪਏ ਦੀ ਮਹੱਤਵਪੂਰਨ ਆਮਦਨ ਦਾ ਵਾਧਾ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਵੀਨ ਕੁਮਾਰ ਡੀ.ਐਸ.ਪੀ ਫਰੀਦਕੋਟ ਨੇ ਦੱਸਿਆ ਕਿ ਇਹਨਾ ਵਿਚੋ ਕੁੱਲ 123 ਵਹੀਕਲਾਂ ਵਿੱਚੋ 29 ਚਾਰ ਪਹੀਆਂ ਵਾਹਨ ਅਤੇ 94 ਦੋ ਪਹੀਆ ਵਹੀਕਲ ਸ਼ਾਮਿਲ ਸਨ। ਜਿਹਨਾ ਦੀ ਨਿਲਾਮੀ ਲਈ 34 ਦੇ ਕਰੀਬ ਬੋਲੀਕਾਰਾ ਵੱਲੋਂ ਇਸ ਵਿੱਚ ਭਾਗ ਲਿਆ ਗਿਆ, ਜਿਸ ਦੌਰਾਨ ਇਹ ਬੋਲੀ 19 ਲੱਖ 62 ਹਜਾਰ ਰੁਪਏ ਪਰ ਖਤਮ ਹੋਈ। ਡੀ.ਐਸ.ਪੀ ਸ਼੍ਰੀ ਨਵੀਨ ਕੁਮਾਰ ਨੇ ਕਿਹਾ ਕਿ ਇਹਨਾ ਵਾਹਨਾ ਵਿੱਚ ਮੋਟਰਸਾਈਕਲਾ ਦੀ ਸੱਖਿਆ ਜਿਆਦਾ ਸੀ, ਜਿਹਨਾ ਨੂੰ ਕਿ ਜਿਲਾ ਪੁਲਿਸ ਵੱਲੋ ਜਬਤ ਕੀਤਾ ਗਿਆ ਸੀ, ਪ੍ਰੰਤੂ ਇਹਨਾ ਨੂੰ ਕਿਸੇ ਵੱਲੋ ਵੀ ਛੁਡਵਾਉਣ ਲਈ ਕੋਈ ਵੀ ਚਿੰਰਾਜੋਈ ਨਹੀ ਕੀਤੀ ਗਈ ਸੀ ਅਤੇ ਜਿਹਨਾ ਦੀ ਹਾਲਤ ਹੁਣ ਖਸਤਾ ਹੋ ਚੁੱਕੀ ਸੀ। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਵੱਲੋ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਹਨ ਡਿਸਪੋਜ਼ਲ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿਚ ਕਾਨੂੰਨੀ ਪ੍ਰਕਿਰਿਆ ਅਪਣਾਉਦੇ ਹੋਏ ਜਿ਼ਲ੍ਹਾ ਫਰੀਦਕੋਟ ਦੇ ਥਾਣਾ ਸਿਟੀ ਫਰੀਦਕੋਟ ਦੇ 95 ਮੁਕੱਦਮਿਆ ਨਾਲ ਸਬੰਧਿਤ ਵਹੀਕਲਾ ਦੀ ਨਿਲਾਮੀ ਕੀਤੀ ਗਈ ਹੈ। ਜਿਹਨਾ ਵਿੱਚੋ 24 ਐਨ.ਡੀ.ਪੀ.ਐਸ ਐਕਟ ਨਾਲ ਸਬੰਧਿਤ ਮੁਕੱਦਮਿਆ ਦੇ 24 ਵਹੀਕਲ ਅਤੇ ਹੋਰ ਮਾਮਲਿਆ ਨਾਲ ਸਬੰਧਿਤ 71 ਮੁਕੱਦਮਿਆ ਦੇ 99 ਵਹੀਕਲ ਸ਼ਾਮਿਲ ਸਨ। ਨਸ਼ਿਆ ਅਤੇ ਹੋਰ ਮੁਕੱਦਮਿਆਂ ਵਿਚ ਬਰਾਮਦਸ਼ੁਦਾ ਵਹੀਕਲ ਬਿਨਾਂ ਕਾਗ਼ਜ਼ਾਤ ਤੇ ਦੁਬਾਰਾ ਨਾ ਵਰਤੋਂਯੋਗ ਸਕਰੈਪ ਦੀ ਨਿਲਾਮੀ (ਖੁੱਲੀ ਬੋਲੀ) ਕਰਵਾਈ ਗਈ। ਉਹਨਾ ਕਿਹਾ ਕਿ ਨਿਲਾਮੀ ਦੀ ਕੁੱਲ ਰਕਮ 19,62,000/- ਰੁਪਏ ਸਰਕਾਰੀ ਖ਼ਜ਼ਾਨੇ ਵਿਚ ਜਮਾਂ ਕਰਵਾਈ ਗਈ ਹੈ। ਉਹਨਾ ਦੱਸਿਆ ਕਿ ਇਨਾਂ ਵਾਹਨਾਂ ਨਾਲ ਸਬੰਧਿਤ ਮੁਕੱਦਮਿਆਂ ਦਾ ਫੈਸਲਾ ਹੋ ਚੁੱਕਾ ਹੈ ਪ੍ਰੰਤੂ ਕਿਸੇ ਵਿਅਕਤੀ ਵੱਲੋਂ ਇਹ ਵਹੀਕਲ ਕਲੇਮ ਨਹੀ ਕੀਤੇ ਗਏ ਅਤੇ ਇਨ੍ਹਾਂ ਵਹੀਕਲਾਂ ਕਰਕੇ ਥਾਣਿਆਂ ਵਿਚ ਕਾਫੀ ਜਗ੍ਹਾ ਘੇਰੀ ਹੋਈ ਸੀ। ਇਸ ਦੇ ਵਾਲ ਹੀ ਇਹ ਵੀ ਦੱਸਣਯੋਗ ਹੈ ਕਿ ਅਪ੍ਰੈਲ ਮਹੀਨੇ ਦੌਰਾਨ ਵੀ 161 ਵਹੀਕਲਾ ਦੀ ਨਿਲਾਮੀ ਕਰਵਾਈ ਗਈ ਸੀ। ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਕਿਹਾ ਕਿ ਵਹੀਕਲਾ ਦੀ ਨਿਲਾਮੀ ਹੋਣ ਨਾਲ ਥਾਣਿਆ ਅਤੇ ਪੁਲਿਸ ਲਾਈਨ ਵਿੱਚ ਕਾਫੀ ਜਗ੍ਹਾ ਖਾਲੀ ਹੋ ਜਾਵੇਗੀ। ਜਿਸਨੂੰ ਕਿ ਵਰਤੋਯੋਗ ਬਣਾਇਆ ਜਾ ਸਕੇਗਾ। ਇਸ ਦੇ ਨਾਲ ਹੀ ਬਾਕੀ ਰਹਿੰਦੇ ਵਾਹਨਾਂ ਸਬੰਧੀ ਵੀ ਰਿਕਾਰਡ ਤਿਆਰ ਕਰਵਾਇਆ ਜਾ ਰਿਹਾ ਹੈ ਅਤੇ ਇਹ ਵਾਹਨ ਵੀ ਜਲਦੀ ਨਿਲਾਮ ਕੀਤੇ ਜਾਣਗੇ।