ਬੱਸ ਸਟੈਂਡ ਸਾਹਮਣੇ ਸੜਕ ਵਿਚਕਾਰ ਲੱਗਣ ਵਾਲੇ ਰੇਹੜੇ ਬਣਦੇ ਟ੍ਰੈਫਿਕ ਜਾਮ ਦਾ ਕਾਰਨ
ਬੱਸ ਸਟੈਂਡ ਸਾਹਮਣੇ ਸੜਕ ਵਿਚਕਾਰ ਲੱਗਣ ਵਾਲੇ ਰੇਹੜੇ ਬਣੇ ਟ੍ਰੈਫਿਕ ਜਾਮ ਦਾ ਮੁੱਖ ਕਾਰਨ
Publish Date: Sun, 24 May 2026 04:32 PM (IST)
Updated Date: Sun, 24 May 2026 04:34 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਮੁੱਖ ਬੱਸ ਸਟੈਂਡ ਦੇ ਸਾਹਮਣੇ ਸਬਜ਼ੀਆਂ ਅਤੇ ਫਲਾਂ ਦੇ ਲੱਦੇ ਰੇਹੜੇ ਸੜਕ ਦੇ ਵਿਚਕਾਰ ਖੜ੍ਹੇ ਹੋਣਾ ਹੁਣ ਆਮ ਗੱਲ ਬਣ ਚੁੱਕੀ ਹੈ, ਜਿਸ ਕਾਰਨ ਇੱਥੇ ਰੋਜ਼ਾਨਾ ਟ੍ਰੈਫਿਕ ਜਾਮ ਦੀ ਵੱਡੀ ਸਮੱਸਿਆ ਪੈਦਾ ਹੋ ਰਹੀ ਹੈ। ਜਦੋਂ ਬੱਸ ਸਟੈਂਡ ਤੋਂ ਬੱਸਾਂ ਬਾਹਰ ਨਿਕਲਦੀਆਂ ਹਨ ਜਾਂ ਮਲੋਟ ਰੋਡ ਅਤੇ ਹੋਰਨਾਂ ਸ਼ਹਿਰਾਂ ਵੱਲ ਜਾਣ ਵਾਲੀ ਆਵਾਜਾਈ ਇੱਥੋਂ ਲੰਘਦੀ ਹੈ, ਤਾਂ ਸੜਕ ਵਿਚਕਾਰ ਖੜ੍ਹੇ ਇਨ੍ਹਾਂ ਰੇਹੜਿਆਂ ਕਾਰਨ ਲੰਬੇ ਜਾਮ ਲੱਗ ਜਾਂਦੇ ਹਨ। ਇਸਦੇ ਨਾਲ ਹੀ ਅਬੋਹਰ ਰੋਡ ਵੱਲੋਂ ਆਉਣ ਵਾਲੇ ਵੱਡੇ ਵਾਹਨ ਵੀ ਇਸ ਜਾਮ ਵਿੱਚ ਫਸ ਜਾਂਦੇ ਹਨ, ਜਿਸ ਕਾਰਨ ਜਿੱਥੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਹਰ ਵੇਲੇ ਕਿਸੇ ਵੱਡੇ ਹਾਦਸੇ ਦੇ ਵਾਪਰਨ ਦਾ ਡਰ ਵੀ ਬਣਿਆ ਰਹਿੰਦਾ ਹੈ। ਬੇਜ਼ਬਾਨ ਪਸ਼ੂਆਂ ’ਤੇ ਅੱਤਿਆਚਾਰ ਇਸ ਸਬੰਧੀ ਗੱਲਬਾਤ ਕਰਦਿਆਂ ਇੱਕ ਰਾਹਗੀਰ ਜਵੰਧ ਸਿੰਘ ਰੁਪਾਣਾ ਨੇ ਦੱਸਿਆ ਕਿ ਇਸ ਕੜਕਦੀ ਗਰਮੀ ਵਿੱਚ, ਜਦੋਂ ਤਾਪਮਾਨ 45 ਡਿਗਰੀ ਦੇ ਆਸ-ਪਾਸ ਪਹੁੰਚ ਰਿਹਾ ਹੈ, ਰੇਹੜਿਆਂ ਅੱਗੇ ਜੋੜੇ ਬੇਜ਼ਬਾਨ ਪਸ਼ੂਆਂ ਨੂੰ ਸੜਕ ਦੇ ਵਿਚਕਾਰ ਲਗਾਤਾਰ ਖੜ੍ਹਾ ਰੱਖਣਾ ਪਸ਼ੂਆਂ ਤੇ ਸਿੱਧਾ ਅੱਤਿਆਚਾਰ ਹੈ, ਜੋ ਕਿ ਬਿਲਕੁਲ ਵੀ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਰੇਹੜਾ ਮਾਲਕਾਂ ਨੂੰ ਚਾਹੀਦਾ ਹੈ ਕਿ ਜਦੋਂ ਉਹ ਆਪ ਕੰਮ ਕਰਦੇ ਹਨ ਤਾਂ ਇਸ ਦੌਰਾਨ ਪਸ਼ੂਆਂ ਨੂੰ ਹਟਾ ਕੇ ਕਿਸੇ ਛਾਂਦਾਰ ਜਗ੍ਹਾ ਤੇ ਬੰਨ੍ਹਣ। ਨਾਜਾਇਜ਼ ਕਬਜ਼ਿਆਂ ਕਾਰਨ ਵਧ ਰਹੀ ਸਮੱਸਿਆ ਆਸ-ਪਾਸ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਅਨੁਸਾਰ ਸੜਕ ਦੀ ਜਗ੍ਹਾ ਤੇ ਵੱਡੇ ਪੱਧਰ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। ਦੁਕਾਨਾਂ ਦੇ ਅੱਗੇ ਸੜਕਾਂ ਤੇ ਰੇਹੜੀਆਂ ਲੱਗਣ ਕਾਰਨ ਲੰਘਣ ਲਈ ਜਗ੍ਹਾ ਬਹੁਤ ਘੱਟ ਬਚਦੀ ਹੈ, ਜਿਸ ਨਾਲ ਆਵਾਜਾਈ ਵਿੱਚ ਵੱਡਾ ਵਿਘਨ ਪੈਂਦਾ ਹੈ। ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਇਸ ਗੰਭੀਰ ਸਮੱਸਿਆ ਨੂੰ ਮੁੱਖ ਰੱਖਦਿਆਂ ਮਾਸਟਰ ਹਰਬੰਸ ਸਿੰਘ, ਅਮਨਦੀਪ ਸਿੰਘ ਕੰਗ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਦੇਵ ਸਿੰਘ ਕਾਨਿਆਂਵਾਲੀ, ਗੁਰਦਰਸ਼ਨ ਸਿੰਘ ਰੁਪਾਣਾ ਅਤੇ ਹੋਰਨਾਂ ਸਮਾਜ ਸੇਵਕਾਂ ਨੇ ਜ਼ਿਲ੍ਹਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਬੱਸ ਸਟੈਂਡ ਦੇ ਸਾਹਮਣੇ ਆਵਾਜਾਈ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਸੜਕ ਵਿਚਕਾਰ ਫਲ-ਸਬਜ਼ੀਆਂ ਦੇ ਰੇਹੜੇ ਖੜ੍ਹੇ ਕਰਨ ਤੇ ਮੁਕੰਮਲ ਪਾਬੰਦੀ ਲਗਾਈ ਜਾਵੇ ਅਤੇ ਸੜਕਾਂ ਕਿਨਾਰੇ ਕੀਤੇ ਗਏ ਸਾਰੇ ਨਜਾਇਜ਼ ਕਬਜ਼ੇ ਤੁਰੰਤ ਹਟਾਏ ਜਾਣ।