ਵਾਂਦਰ ਦੀ ਟੀਮ ਨੇ ਤਰਨਤਾਰਨ ’ਚ ਕੀਤਾ ਵਿਆਪਕ ਪ੍ਰਚਾਰ
ਡਾ. ਹਰਜੋਤ ਕਮਲ ਸਿੰਘ ਦੀ ਅਗਵਾਈ ਹੇਠ ਸੁਖਜਿੰਦਰ ਸਿੰਘ ਵਾਂਦਰ ਦੀ ਟੀਮ ਨੇ ਕੀਤਾ ਤਰਨ ਤਾਰਨ ’ਚ ਵਿਆਪਕ ਪ੍ਰਚਾਰ
Publish Date: Wed, 12 Nov 2025 05:19 PM (IST)
Updated Date: Wed, 12 Nov 2025 05:19 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਾਘਾਪੁਰਾਣਾ : ਤਰਨਤਾਰਨ ਸਾਹਿਬ ਵਿਖੇ ਹੋ ਰਹੀ ਜਿਮਨੀ ਚੋਣ ਵਿਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਮੋਗਾ ਦੀ ਸੱਤ ਮੈਂਬਰੀ ਟੀਮ ਨੇ ਡਾ. ਹਰਜੋਤ ਕਮਲ ਸਿੰਘ, ਪ੍ਰਧਾਨ ਭਾਜਪਾ ਮੋਗਾ ਦੀ ਅਗਵਾਈ ਹੇਠ ਮਹੱਤਵਪੂਰਨ ਭੂਮਿਕਾ ਨਿਭਾਈ। ਇਹ ਟੀਮ 22 ਅਕਤੂਬਰ ਤੋਂ ਲੈ ਕੇ 9 ਨਵੰਬਰ 2025 ਤਕ ਚੋਣ ਪ੍ਰਚਾਰ ਵਿਚ ਸਰਗਰਮ ਰਹੀ। ਬਾਘਾ ਪੁਰਾਣਾ ਹਲਕੇ ਤੋਂ ਸੁਖਜਿੰਦਰ ਸਿੰਘ ਵਾਂਦਰ, ਭੋਲਾ ਸਿੰਘ ਲੰਗਿਆਣਾ, ਜਸਮੀਤ ਸਿੰਘ ਵਾਂਦਰ, ਛਿੰਦਾ ਸਿੰਘ ਮੱਲਕੇ ਅਤੇ ਗੁਰਪ੍ਰੀਤ ਸਿੰਘ ਸੇਖਾ ਕਲਾਂ ਨੂੰ ਚੋਣ ਡਿਊਟੀ ਲਈ ਤਾਇਨਾਤ ਕੀਤਾ ਗਿਆ ਸੀ। ਸੁਖਜਿੰਦਰ ਸਿੰਘ ਵਾਂਦਰ ਦੀ ਅਗਵਾਈ ਹੇਠ ਟੀਮ ਨੇ ਪਿੰਡ ਪੱਧਰੀ ਕਲਾਂ, ਪੱਧਰੀ ਖੁਰਦ, ਨੂਰਪੁਰ, ਝਾਮਕਾ ਕਲਾਂ, ਝਾਮਕਾ ਖੁਰਦ, ਚਕ ਸਿਕੰਦਰ ਅਤੇ ਥਿੰਡੀਵਾਲਾ ਸਮੇਤ ਸੱਤ ਪਿੰਡਾਂ ਵਿਚ, ਜਿਨ੍ਹਾਂ ਵਿਚ ਅੱਠ ਪੋਲਿੰਗ ਬੂਥ ਸ਼ਾਮਲ ਹਨ, ਭਾਜਪਾ ਨੂੰ ਮਜ਼ਬੂਤ ਕਰਨ ਲਈ ਘਰ-ਘਰ ਸੰਪਰਕ ਮੁਹਿੰਮ ਚਲਾਈ। ਟੀਮ ਨੇ ਇਨ੍ਹਾਂ ਪਿੰਡਾਂ ਤੋਂ ਇਲਾਵਾ ਗੱਗੋਬੁਆ, ਛਿਚਰੇਵਾਲ, ਝਾਮਕਾ, ਝਬਾਲ ਅਤੇ ਤਰਨ ਤਾਰਨ ਸਾਹਿਬ ਸ਼ਹਿਰ ਵਿਚ ਵੀ ਡੋਰ-ਟੂ-ਡੋਰ ਪ੍ਰਚਾਰ ਕਰਦਿਆਂ ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਮਿਲ ਕੇ ਲੋਕਾਂ ਤਕ ਪਾਰਟੀ ਦੀਆਂ ਨੀਤੀਆਂ ਅਤੇ ਦ੍ਰਿਸ਼ਟੀ ਪਹੁੰਚਾਈ। ਇਸ ਪ੍ਰਚਾਰ ਦੌਰਾਨ ਝਬਾਲ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਨਾਯਾਬ ਸਿੰਘ ਸੈਣੀ ਅਤੇ ਤਰਨਤਾਰਨ ਵਿਖੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੀਆਂ ਰੈਲੀਆਂ ਵਿਚ ਵੀ ਭਾਜਪਾ ਮੋਗਾ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਜਥੇਦਾਰ ਜਸਵੰਤ ਸਿੰਘ ਰੋਡੇ (ਨਿਹੰਗ ਸਿੰਘ ਜਥੇਬੰਦੀ ਤਰਨਾ ਦਲ) ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਆਪਣੇ ਸਾਥੀ ਨਿਹੰਗ ਸਿੰਘਾਂ ਸਮੇਤ ਸੁਖਜਿੰਦਰ ਸਿੰਘ ਵਾਂਦਰ ਦੇ ਨਾਲ ਮਿਲ ਕੇ ਤਰਨਤਾਰਨ ਹਲਕੇ ਵਿਚ ਭਾਜਪਾ ਦੇ ਹੱਕ ਵਿਚ ਪ੍ਰਚਾਰ ਕੀਤਾ। ਸੁਖਜਿੰਦਰ ਸਿੰਘ ਵਾਂਦਰ ਨੇ ਵਿਸ਼ਵਾਸ ਜਤਾਇਆ ਕਿ ਤਰਨਤਾਰਨ ਦੀ ਜਿਮਨੀ ਚੋਣ ਵਿਚ ਭਾਜਪਾ ਮੁੱਖ ਪਾਰਟੀ ਵਜੋਂ ਉੱਭਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਵਿਚ ਜਿੱਥੇ ਨਸ਼ੇ ਅਤੇ ਗੈਂਗਸਟਰਵਾਦ ਦੀ ਸਮੱਸਿਆ ਨੇ ਗੰਭੀਰ ਰੂਪ ਧਾਰ ਲਿਆ ਹੈ, ਉੱਥੇ ਸਿਰਫ਼ ਬੀਜੇਪੀ ਹੀ ਰਾਜ ਵਿਚ ਕਾਨੂੰਨ-ਵਿਵਸਥਾ ਬਹਾਲ ਕਰ ਕੇ ਲੋਕਾਂ ਨੂੰ ਸ਼ਾਂਤੀ ਅਤੇ ਵਿਕਾਸ ਦਾ ਵਿਸ਼ਵਾਸ ਦਿਵਾ ਸਕਦੀ ਹੈ। ਵਾਂਦਰ ਨੇ ਕਿਹਾ ਕਿ ਭਾਜਪਾ ਦੇ ਨਿਸ਼ਾਨ ’ਤੇ ਵੱਡੀ ਗਿਣਤੀ ਵਿਚ ਵੋਟ ਪੈਣਗੀਆਂ ਅਤੇ ਤਰਨਤਾਰਨ ਦੀ ਧਰਤੀ ’ਤੇ ਕਮਲ ਖਿੜੇਗਾ।