ਕਾਂਗਰਸੀ ਉਮੀਦਵਾਰ ਬਾਂਸਲ ਨੇ ਕੀਤਾ ਚੋਣ ਪ੍ਰਚਾਰ
ਤੁਲਸੀ ਰਾਮ ਬਾਂਸਲ ਦਾ ‘ਵਿਜੈ ਰੱਥ’ ਰੋਕਣਾ ਵਿਰੋਧੀਆਂ ਲਈ ਬਣਿਆ ਵੱਡਾ ਚੈਲੈਂਜ
Publish Date: Sat, 23 May 2026 04:13 PM (IST)
Updated Date: Sun, 24 May 2026 04:04 AM (IST)

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਜੈਤੋ ਸ਼ਹਿਰ ਦੇ ਵਾਰਡ ਨੰਬਰ-12 ਤੋਂ ਕਾਂਗਰਸੀ ਉਮੀਦਵਾਰ ਤੁਲਸੀ ਰਾਮ ਬਾਂਸਲ ਦੀ ਚੋਣ ਮੁਹਿੰਮ ਦਿਨੋਂ-ਦਿਨ ਹੋਰ ਮਜ਼ਬੂਤ ਹੁੰਦੀ ਨਜ਼ਰ ਆ ਰਹੀ ਹੈ। ਇਲਾਕੇ ਵਿਚ ਬਣ ਰਹੇ ਹਾਲਾਤਾਂ ਨੂੰ ਵੇਖਦਿਆਂ ਰਾਜਨੀਤਿਕ ਮਾਹਿਰਾਂ ਵੱਲੋਂ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਵੀ ਤੁਲਸੀ ਰਾਮ ਬਾਂਸਲ ਦਾ ‘ਵਿਜੈ ਰੱਥ’ ਰੋਕਣਾ ਵਿਰੋਧੀਆਂ ਲਈ ਵੱਡੀ ਚੁਣੌਤੀ ਬਣ ਚੁੱਕਾ ਹੈ। ਇਹ ਵਿਚਾਰ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਪਵਨ ਗੋਇਲ, ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਪ੍ਰਧਾਨ ਨਵਦੀਪ ਸਿੰਘ ‘ਬੱਬੂ ਬਰਾੜ’ ਅਤੇ ਹਲਕਾ ਇੰਚਾਰਜ ਜੈਤੋ ਕਾਮਰੇਡ ਦਰਸ਼ਨ ਸਿੰਘ ਢਿੱਲਵਾਂ ਨੇ ਕਾਂਗਰਸੀ ਉਮੀਦਵਾਰ ਤੁਲਸੀ ਰਾਮ ਬਾਂਸਲ ਦੇ ਹੱਕ ਵਿਚ ਕੀਤੇ ਗਏ ਚੋਣ ਪ੍ਰਚਾਰ ਦੌਰਾਨ ਸਾਂਝੇ ਤੌਰ ’ਤੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਤੁਲਸੀ ਰਾਮ ਬਾਂਸਲ ਨਾ ਸਿਰਫ਼ ਇਕ ਮਿਲਣਸਾਰ ਅਤੇ ਨਿਮਰ ਸੁਭਾਅ ਵਾਲੇ ਵਿਅਕਤੀ ਹਨ, ਸਗੋਂ ਉਹ ਹਰ ਵੇਲੇ ਲੋਕਾਂ ਦੇ ਦੁੱਖ-ਸੁੱਖ ਵਿਚ ਖੜ੍ਹੇ ਰਹਿਣ ਵਾਲੇ ਜਨਨੇਤਾ ਵਜੋਂ ਵੀ ਜਾਣੇ ਜਾਂਦੇ ਹਨ। ਕਾਂਗਰਸੀ ਆਗੂਆਂ ਨੇ ਕਿਹਾ ਕਿ ਬਾਂਸਲ ਨੇ ਹਮੇਸ਼ਾ ਆਪਣੇ ਵਾਰਡ ਦੇ ਵਿਕਾਸ ਕਾਰਜਾਂ ਨੂੰ ਪਹਿਲ ਦਿੱਤੀ ਹੈ ਅਤੇ ਜੈਤੋ ਸ਼ਹਿਰ ਦੀ ਤਰੱਕੀ ਲਈ ਵੀ ਅਹਿਮ ਯੋਗਦਾਨ ਪਾਇਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਮੀਦਵਾਰ ਨੇ ਸੜਕਾਂ, ਸਫ਼ਾਈ, ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਵਰਗੇ ਲੋਕ ਮੁੱਦਿਆਂ ਨੂੰ ਹਮੇਸ਼ਾ ਤਰਜੀਹ ਦਿੱਤੀ ਹੈ, ਜਿਸ ਕਾਰਨ ਇਸ ਵਾਰ ਵੀ ਵੱਡੀ ਗਿਣਤੀ ਵਿਚ ਲੋਕ ਉਸ ਦੇ ਹੱਕ ਵਿਚ ਡਟ ਕੇ ਸਾਹਮਣੇ ਆ ਰਹੇ ਹਨ। ਰਾਜਨੀਤਿਕ ਵਿਸ਼ਲੇਸ਼ਕਾਂ ਅਨੁਸਾਰ ਮੌਜੂਦਾ ਮਾਹੌਲ ਕਾਂਗਰਸੀ ਕੈਂਪ ਦੇ ਹੱਕ ਵਿਚ ਬਣਦਾ ਦਿਖਾਈ ਦੇ ਰਿਹਾ ਹੈ। ਵਿਰੋਧੀ ਧਿਰਾਂ ਭਾਵੇਂ ਪੂਰਾ ਜ਼ੋਰ ਲਗਾ ਰਹੀਆਂ ਹਨ, ਪਰ ਜ਼ਮੀਨੀ ਪੱਧਰ ’ਤੇ ਬਣ ਰਹੇ ਸਮਰਥਨ ਨੇ ਕਾਂਗਰਸੀ ਵਰਕਰਾਂ ਦੇ ਹੌਸਲੇ ਕਾਫ਼ੀ ਬੁਲੰਦ ਕਰ ਦਿੱਤੇ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਿਛਲੀਆਂ ਚੋਣਾਂ ਦੌਰਾਨ ਹੋਈ ਕਾਂਟੇ ਦੀ ਟੱਕਰ ਵਿਚ ਤੁਲਸੀ ਰਾਮ ਬਾਂਸਲ ਨੇ ਆਪਣੇ ਨਜ਼ਦੀਕੀ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 126 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਇਸ ਵਾਰ ਵੀ ਉਨ੍ਹਾਂ ਨੂੰ ਮਿਲ ਰਹੇ ਭਾਰੀ ਜਨ ਸਮਰਥਨ ਨੇ ਚੋਣ ਮਾਹੌਲ ਨੂੰ ਕਾਫ਼ੀ ਰੁਚਿਕਰ ਬਣਾ ਦਿੱਤਾ ਹੈ। ਇਸ ਮੌਕੇ ਨਗਰ ਕੌਂਸਲ ਜੈਤੋ ਦੇ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਬਾਬਾ, ਸੀਨੀਅਰ ਕਾਂਗਰਸੀ ਆਗੂ ਬੰਟੀ ਜਿੰਦਲ, ਕਾਂਗਰਸੀ ਆਗੂ ਸੱਤਾ ਸਿੰਘ ਭਾਊ ਕਾਸਮ ਭੱਟੀ, ਡਾ. ਗੋਰਾ ਸਿੰਘ, ਰਾਜ ਸਿੰਘ ਭੁੱਲਰ, ਜਗਜੀਤ ਸਿੰਘ ਝੱਖੜਵਾਲਾ, ਟੇਕ ਚੰਦ ਜੈਤੋ ਸਮੇਤ ਕਈ ਕਾਂਗਰਸੀ ਵਰਕਰ ਹਾਜ਼ਰ ਸਨ।