ਸ਼ਹਿਰ ਦੇ ਸੁੰਦਰੀਕਰਨ ’ਚ ਘਟੀਆ ਸਮੱਗਰੀ ਵਰਤਣ ਦੇ ਲਾਏ ਦੋਸ਼
ਸਿਵਲ ਸੁਸਾਇਟੀ ਮੋਗਾ ਵੱਲੋਂ ਸ਼ਹਿਰ
Publish Date: Sat, 23 May 2026 03:56 PM (IST)
Updated Date: Sun, 24 May 2026 04:02 AM (IST)

ਸਿਵਲ ਸੁਸਾਇਟੀ ਵੱਲੋਂ ਜਾਂਚ ਏਜੰਸੀਆਂ ਨੂੰ ਸ਼ਿਕਾਇਤ ਭੇਜਣ ਦਾ ਫੈਸਲਾ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ : ਸਿਵਲ ਸੁਸਾਇਟੀ ਮੋਗਾ ਵੱਲੋਂ ਸ਼ਹਿਰ ਦੇ ਸੁੰਦਰੀਕਰਨ ਲਈ ਵਰਤੇ ਜਾ ਰਹੇ ਮਟੀਰੀਅਲ ਦੇ ਪਿਛਲੇ ਦਿਨੀਂ ਲਏ ਗਏ ਸੈਂਪਲਾਂ ਦੀਆਂ ਰਿਪੋਰਟਾਂ ਜਨਤਕ ਹੋਣ ਤੋਂ ਬਾਅਦ ਸ਼ਹਿਰ ਦੇ ਰਾਜਨੀਤਕ ਮਹੌਲ ਵਿਚ ਇਕਦਮ ਗਰਮੀ ਵਧ ਗਈ ਹੈ ਅਤੇ ਵੱਖ ਵੱਖ ਰਾਜਨੀਤਕ ਪਾਰਟੀਆਂ ਵੀ ਇਸ ਦੀ ਈਡੀ ਜਾਂਚ ਦੀ ਮੰਗ ਕਰਨ ਲੱਗੀਆਂ ਹਨ। ਟਾਊਨ ਹਾਲ ਕਲੱਬ ਮਿਉਂਸੀਪਲ ਕਾਰਪੋਰੇਸ਼ਨ ਮੋਗਾ ਵਿਖੇ ਰੱਖੀ ਗਈ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸਿਵਲ ਸੁਸਾਇਟੀ ਮੋਗਾ ਦੇ ਚੀਫ਼ ਐਡਵਾਈਜ਼ਰ ਡਾ. ਕੁਲਦੀਪ ਸਿੰਘ ਗਿੱਲ ਅਤੇ ਅਜੇ ਗੋਰਾ ਸੂਦ ਨੇ ਦੱਸਿਆ ਕਿ ਪ੍ਰਤਾਪ ਰੋਡ ਮੋਗਾ ਅਤੇ ਸੈਲਫੀ ਪੁਆਇੰਟ ਵੇਦਾਂਤ ਪਾਰਕ ਮੋਗਾ ਤੋਂ ਲਏ ਗਏ ਕਰਬ ਸਟੋਨ, ਇੰਟਰਲੌਕ ਟਾਈਲਾਂ ਅਤੇ ਪੀਸੀਸੀ ਮੈਟੀਰੀਅਲ ਦੇ ਸੈਂਪਲ ਤਿੰਨ ਵੱਖ ਵੱਖ ਮਾਨਤਾ ਪ੍ਰਾਪਤ ਪ੍ਰਾਈਵੇਟ ਲੈਬਾਂ ਨੂੰ ਭੇਜੇ ਗਏ ਸਨ। ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੀ ਰਿਪੋਰਟ ਜਨਤਕ ਕਰਦਿਆਂ ਉਨ੍ਹਾਂ ਖ਼ੁਲਾਸਾ ਕੀਤਾ ਕਿ ਕਰਬ ਸਟੋਨ ਜੋ ਕਿ ਸਾਲਿਡ ਕੰਕਰੀਟ ਨਾਲ ਬਣਦੀਆਂ ਹਨ, ਵਿਚ ਪੁਰਾਣੀਆਂ ਅਤੇ ਇੰਟਰਲੌਕ ਟਾਈਲਾਂ ਭਰ ਕੇ ਸਾਈਡਾਂ ’ਤੇ ਇਕ ਦੋ ਇੰਚ ਕੰਕਰੀਟ ਪਾਇਆ ਗਿਆ ਹੈ ਜਿਸ ਦੀ ਬਜ਼ਾਰੀ ਕੀਮਤ 100 ਤੋਂ 150 ਰੁਪਏ ਰਨਿੰਗ ਮੀਟਰ ਬਣਦੀ ਹੈ ਪਰ ਮਿਉਂਸੀਪਲ ਕਾਰਪੋਰੇਸ਼ਨ ਮੋਗਾ ਇਸ ’ਤੇ ਪ੍ਰਤੀ ਰਨਿੰਗ ਮੀਟਰ 400 ਰੁਪਏ ਤੋਂ ਉੱਪਰ ਖ਼ਰਚ ਕਰ ਰਹੀ ਹੈ ਅਤੇ ਇਸ ਤਰ੍ਹਾਂ ਲੋਕਾਂ ਦੇ ਪੈਸੇ ਦੀ ਵੱਡੀ ਪੱਧਰ ’ਤੇ ਲੁੱਟ ਹੋ ਰਹੀ ਹੈ, ਜਿਸ ਵਿਚ ਮਿਉਂਸੀਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਤੋਂ ਇਲਾਵਾ ਸੱਤਾਧਾਰੀ ਰਾਜਨੀਤਕ ਲੋਕ ਵੀ ਆਪਣੀਆਂ ਜੇਬਾਂ ਗਰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇੰਟਰਲਾਕ ਟਾਇਲਾਂ ਦੇ ਸੈਂਪਲ ਨਿਰਧਾਰਤ ਮਾਪਦੰਡ ਪੂਰੇ ਕਰਦੇ ਹਨ ਜਦਕਿ ਪੀਸੀਸੀ ਮੈਟੀਰੀਅਲ ਦੀ ਜਾਂਚ ਦੁਬਾਰਾ ਕਰਵਾਈ ਜਾਣੀ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਵਿਕਾਸ ਕਾਰਜਾਂ ਲਈ ਵਰਤੇ ਜਾ ਰਹੇ ਹੋਰ ਮੈਟੀਰੀਅਲ ਦੀ ਵੀ ਜਾਂਚ ਕਰਵਾਈ ਜਾਵੇਗੀ ਅਤੇ ਉਨ੍ਹਾਂ ਦੀਆਂ ਰਿਪੋਰਟਾਂ ਵੀ ਜਨਤਕ ਕੀਤੀਆਂ ਜਾਣਗੀਆਂ । ਉਨ੍ਹਾਂ ਸ਼ੰਕਾ ਪ੍ਰਗਟ ਕੀਤੀ ਕਿ ਸ਼ਹਿਰ ਦੀਆਂ ਗਲੀਆਂ ਵਿਚੋਂ ਪੁੱਟੀਆਂ ਗਈਆਂ ਇੰਟਰਲੌਕ ਟਾਇਲਾਂ ਕਰਬ ਸਟੋਨ ਬਨਾਉਣ ਲਈ ਵਰਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਪਲਾਂ ਦੀਆਂ ਰਿਪੋਰਟਾਂ ਈਡੀ ਅਤੇ ਸੈਂਟਰਲ ਵਿਜੀਲੈਂਸ ਨੂੰ ਭੇਜ ਕੇ ਪਿਛਲੇ ਸਮੇਂ ਵਿਚ ਹੋਏ ਵਿਕਾਸ ਕਾਰਜਾਂ ਦੀ ਜਾਂਚ ਅਤੇ ਦੋਸ਼ੀ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ਕਾਂਗਰਸ ਦੇ ਆਗੂ ਸਾਥੀ ਵਿਜੇ ਕੁਮਾਰ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਰਸ਼ਪਾਲ ਸਿੰਘ ਸੋਸਣ ਅਤੇ ਚਰਨਜੀਤ ਝੰਡੇਆਣਾ ਨੇ ਸਿਵਲ ਸੁਸਾਇਟੀ ਮੋਗਾ ਦੇ ਇਸ ਉੱਦਮ ਦੀ ਤਾਰੀਫ਼ ਕਰਦਿਆਂ ਇਸਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਇਸ ਮੌਕੇ ਪ੍ਰਜੀਡੀਅਮ ਮੈਂਬਰ ਮਹਿੰਦਰਪਾਲ ਲੂੰਬਾ, ਅਮਰਜੀਤ ਸਿੰਘ ਜੱਸਲ, ਮਨਿੰਦਰ ਸਿੰਘ ਬੇਦੀ, ਮਲਵਿੰਦਰ ਸਿੰਘ ਗਰੇਵਾਲ, ਜਨਰਲ ਸਕੱਤਰ ਪ੍ਰਿਤਪਾਲ ਸਿੰਘ ਗਿੱਲ, ਦਫ਼ਤਰ ਸਕੱਤਰ ਵੀਪੀ ਸੇਠੀ, ਵਿੱਤ ਸਕੱਤਰ ਦਿਆਲ ਸਿੰਘ, ਠੇਕੇਦਾਰ ਸੰਤੋਖ ਸਿੰਘ, ਤਰਸੇਮ ਸਿੰਘ ਗਗੜਾ ਅਤੇ ਸੁਰੇਸ਼ ਸੂਦ ਆਦਿ ਵੀ ਹਾਜ਼ਰ ਸਨ।