ਮੁਕਤਸਰ ’ਚ ਸੀਵਰੇਜ ਜਾਮ ਤੋਂ ਪ੍ਰੇਸ਼ਾਨ ਲੋਕਾਂ ਦਾ ਫੁੱਟਿਆ ਗੁੱਸਾ, ਤਿੰਨ ਘੰਟੇ ਜਾਮ ਰੱਖਿਆ ਮੌੜ ਰੋਡ
ਮੁਕਤਸਰ ’ਚ ਸੀਵਰੇਜ ਜਾਮ ਤੋਂ ਪ੍ਰੇਸ਼ਾਨ ਲੋਕਾਂ ਦਾ ਫੁੱਟਿਆ ਗੁੱਸਾ, ਤਿੰਨ ਘੰਟੇ ਜਾਮ ਰੱਖਿਆ ਮੌੜ ਰੋਡ
Publish Date: Sun, 24 May 2026 03:34 PM (IST)
Updated Date: Sun, 24 May 2026 03:37 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਸ਼ਹਿਰ ਦੇ ਵਾਰਡ ਨੰਬਰ 23 ਦੇ ਲੋਕ ਸੀਵਰੇਜ ਜਾਮ ਦੀ ਸਮੱਸਿਆ ਤੋਂ ਬੇਹੱਦ ਪ੍ਰੇਸ਼ਾਨ ਹਨ। ਸੁੰਦਰ ਨਗਰ ਦੀਆਂ ਵੱਖ-ਵੱਖ ਗਲੀਆਂ ’ਚ ਲੰਬੇ ਸਮੇਂ ਤੋਂ ਸੀਵਰੇਜ ਜਾਮ ਦੀ ਸਮੱਸਿਆ ਤੋਂ ਦੁਖੀ ਲੋਕਾਂ ਨੇ ਐਤਵਾਰ ਦੀ ਸਵੇਰ ਨੂੰ ਮੌੜ ਰੋਡ ’ਤੇ ਧਰਨਾ ਲਗਾ ਕੇ ਜਾਮ ਕਰ ਦਿੱਤਾ ਅਤੇ ਰਾਜ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਸਵੇਰੇ 8 ਵਜੇ ਤੋਂ 11 ਵਜੇ ਤੱਕ ਚੱਲੇ ਇਸ ਧਰਨੇ ਕਾਰਨ ਤਿੰਨ ਘੰਟੇ ਤੱਕ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ, ਸੂਚਨਾ ਮਿਲਣ ਤੇ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਜੇਈ ਅਮਰਿੰਦਰ ਸਿੰਘ ਮੌਕੇ ਤੇ ਪਹੁੰਚੇ, ਜਿਨ੍ਹਾਂ ਨੂੰ ਲੋਕਾਂ ਨੇ ਘੇਰ ਕੇ ਖਰੀਆਂ-ਖਰੀਆਂ ਸੁਣਾਈਆਂ। ਸਥਾਨਕ ਲੋਕਾਂ ਵਿੱਚੋਂ ਰਾਧਾ ਸੁਆਮੀ, ਰਾਜ ਕਮਲ, ਰਾਮਪਾਲ ਅਤੇ ਵਿੱਕੀ ਕੁਮਾਰ ਦਾ ਕਹਿਣਾ ਹੈ ਕਿ ਸੁੰਦਰ ਨਗਰ ’ਚ ਲੰਬੇ ਸਮੇਂ ਤੋਂ ਸੀਵਰੇਜ ਓਵਰਫਲੋ ਹੋ ਰਿਹਾ ਹੈ। ਗੰਦਾ ਪਾਣੀ ਗਲੀਆਂ ਅਤੇ ਘਰਾਂ ਦੇ ਸਾਹਮਣੇ ਜਮਾਂ ਹੋਣ ਕਾਰਨ ਬਿਮਾਰੀਆਂ ਦਾ ਖ਼ਤਰਾ ਵਧ ਗਿਆ ਹੈ। ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਕੋਈ ਸੁਣਵਾਈ ਨਹੀਂ ਕਰ ਰਹੇ। ਸਥਾਨਕ ਵਿਧਾਇਕ ਅਤੇ ਸਰਕਾਰ ਦੇ ਨੁਮਾਇੰਦੇ ਵੀ ਸਮੱਸਿਆ ਦਾ ਹੱਲ ਕਰਵਾਉਣ ’ਚ ਨਾਕਾਮ ਰਹੇ ਹਨ। ਜਿਹੜਾ ਵਾਰਡ ਦਾ ਕਾਂਗਰਸ ਪਾਰਟੀ ਨਾਲ ਸਬੰਧਤ ਕੌਂਸਲਰ (ਪਾਰਸ਼ਦ) ਹੈ, ਉਹ ਇਸ ਗੱਲ ਦਾ ਢੰਡੋਰਾ ਪਿੱਟਦਾ ਰਹਿੰਦਾ ਹੈ ਕਿ ਉਨ੍ਹਾਂ ਦੀ ਸਰਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਵੇਲੇ ਗਲੀਆਂ ’ਚ ਗੰਦਾ ਪਾਣੀ ਜਮਾਂ ਰਹਿਣ ਕਾਰਨ ਆ ਰਹੀ ਬਦਬੂ ’ਚ ਆਪਣੇ ਹੀ ਘਰਾਂ ’ਚ ਰਹਿਣਾ ਮੁਸ਼ਕਲ ਹੋ ਗਿਆ ਹੈ ਅਤੇ ਰੋਜ਼ਾਨਾ ਇਸੇ ਗੰਦੇ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ। ਵੋਟ ਉਸੇ ਨੂੰ ਦਿਆਂਗੇ ਜੋ ਕੰਮ ਕਰਵਾਏਗਾ ਧਰਨੇ ’ਚ ਸ਼ਾਮਲ ਮਹਿਲਾਵਾਂ ਨੇ ਦੱਸਿਆ ਕਿ ਗੰਦਗੀ ਅਤੇ ਬਦਬੂ ਕਾਰਨ ਬੱਚਿਆਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ ਅਤੇ ਬਜ਼ੁਰਗਾਂ ਨੂੰ ਸਾਹ ਦੀ ਤਕਲੀਫ਼ ਹੋ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਸਾਫ਼ ਚੇਤਾਵਨੀ ਦਿੱਤੀ ਕਿ ਨਗਰ ਕੌਂਸਲ ਚੋਣਾਂ ਸਿਰ ’ਤੇ ਹਨ ਅਤੇ ਸਾਰੀਆਂ ਪਾਰਟੀਆਂ ਦੇ ਆਗੂ ਵੋਟਾਂ ਮੰਗਣ ਆ ਰਹੇ ਹਨ। ਪਰ ਇਸ ਵਾਰ ਲੋਕ ਉਸੇ ਉਮੀਦਵਾਰ ਨੂੰ ਵੋਟ ਪਾਉਣਗੇ ਜੋ ਸੀਵਰੇਜ ਦੀ ਸਮੱਸਿਆ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਵਾਉਣ ਦਾ ਵਾਅਦਾ ਕਰੇਗਾ, ਨਾ ਕਿ ਸਿਰਫ਼ ਖੋਖਲੇ ਭਰੋਸੇ ਦੇਵੇਗਾ। ਪ੍ਰਸ਼ਾਸਨ ਵੱਲੋਂ ਜਲਦ ਹੱਲ ਦਾ ਭਰੋਸਾ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਜੇਈ ਅਮਰਿੰਦਰ ਸਿੰਘ ਜਾਮ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚੇ। ਕਰੀਬ ਤਿੰਨ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅਧਿਕਾਰੀਆਂ ਨੇ ਲੋਕਾਂ ਨੂੰ ਸਮਝਾ-ਬੁਝਾ ਕੇ ਜਾਮ ਖੁਲ੍ਹਵਾਇਆ। ਜੇਈ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਸੁੰਦਰ ਨਗਰ ’ਚ ਸੀਵਰੇਜ ਦੀ ਸਮੱਸਿਆ ਦਾ ਹੱਲ ਦੋ ਦਿਨਾਂ ’ਚ ਕਰ ਦਿੱਤਾ ਜਾਵੇਗਾ। ਮੈਨਹੋਲਾਂ ਨੂੰ ਪਲਾਸਟਰ ਕਰ ਦਿੱਤਾ ਜਾਵੇਗਾ ਅਤੇ ਗਲੀਆਂ ’ਚ ਜਮਾਂ ਹੋਏ ਪਾਣੀ ਨੂੰ ਸਾਫ਼ ਕਰਵਾ ਦਿੱਤਾ ਜਾਵੇਗਾ। ਸਮੱਸਿਆ ਦਾ ਸਥਾਈ ਹੱਲ ਹੋਵੇ : ਲੋਕ ਵਾਰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਸਿਰਫ਼ ਆਰਜ਼ੀ (ਟੈਂਪਰੇਰੀ) ਸਫ਼ਾਈ ਨਾ ਕੀਤੀ ਜਾਵੇ, ਬਲਕਿ ਸੀਵਰੇਜ ਲਾਈਨ ਨੂੰ ਪੂਰੀ ਤਰ੍ਹਾਂ ਬਦਲਿਆ ਜਾਵੇ ਤਾਂ ਜੋ ਇਹ ਸਮੱਸਿਆ ਪੱਕੇ ਤੌਰ ਤੇ ਖ਼ਤਮ ਹੋ ਸਕੇ। ਲੋਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਕੰਮ ਸ਼ੁਰੂ ਨਾ ਹੋਇਆ ਤਾਂ ਉਹ ਦੁਬਾਰਾ ਵੱਡਾ ਅੰਦੋਲਨ ਕਰਨ ਲਈ ਮਜਬੂਰ ਹੋਣਗੇ।