ਸਰਕਾਰੀ ਹਾਈ ਸਕੂਲ ਢੈਪਈ ਨੂੰ 8 ਪੱਖੇ ਦਾਨ ਕੀਤੇ
ਪੋਤੇ ਦੀ ਖੁਸ਼ੀ ਵਿਚ ਭੁੱਲਰ ਪਰਿਵਾਰ ਵੱਲੋਂ ਸਰਕਾਰੀ ਹਾਈ ਸਕੂਲ ਢੈਪਈ ਨੂੰ 8 ਪੱਖੇ ਦਾਨ
Publish Date: Sat, 23 May 2026 03:40 PM (IST)
Updated Date: Sun, 24 May 2026 04:02 AM (IST)

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ‘ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰਿ ਕਰੇ’ ਦੇ ਮਹਾਂਵਾਕ ਨੂੰ ਸਾਕਾਰ ਕਰਦਿਆਂ ਸਰਕਾਰੀ ਹਾਈ ਸਕੂਲ ਢੈਪਈ (ਫ਼ਰੀਦਕੋਟ) ਦੇ ਕਰਮਚਾਰੀ ਜਗਰੂਪ ਸਿੰਘ ਭੁੱਲਰ ਅਤੇ ਉਨ੍ਹਾਂ ਦੀ ਧਰਮਪਤਨੀ ਰਾਣੀ ਸੰਧੂ ਭੁੱਲਰ ਦੇ ਘਰ ਉਸ ਵੇਲੇ ਖੁਸ਼ੀਆਂ ਦਾ ਮਾਹੌਲ ਬਣ ਗਿਆ ਜਦੋਂ ਉਨ੍ਹਾਂ ਦੇ ਸਪੁੱਤਰ ਰੌਬਿਨਦੀਪ ਸਿੰਘ ਭੁੱਲਰ ਅਤੇ ਨੂੰਹ ਗੁਰਲੀਨ ਨੱਤ ਭੁੱਲਰ ਨੂੰ ਪ੍ਰਮਾਤਮਾ ਵੱਲੋਂ ਪੁੱਤਰ ਰਤਨ ਦੀ ਦਾਤ ਬਖ਼ਸ਼ੀ ਗਈ। ਪਰਿਵਾਰ ਵੱਲੋਂ ਨਵਜਨਮੇ ਬੱਚੇ ਦਾ ਨਾਮ ਫ਼ਰਜ਼ੰਦ ਸਿੰਘ ਭੁੱਲਰ ਰੱਖਿਆ ਗਿਆ ਹੈ। ਇਸ ਖੁਸ਼ੀ ਦੇ ਮੌਕੇ ਨੂੰ ਸਮਾਜਿਕ ਸੇਵਾ ਨਾਲ ਜੋੜਦਿਆਂ ਭੁੱਲਰ ਪਰਿਵਾਰ ਵੱਲੋਂ ਸਰਕਾਰੀ ਹਾਈ ਸਕੂਲ ਢੈਪਈ ਨੂੰ 8 ਪੱਖੇ ਦਾਨ ਕੀਤੇ ਗਏ। ਪਰਿਵਾਰ ਨੇ ਆਪਣੀ ਇਸ ਖੁਸ਼ੀ ਨੂੰ ਸਕੂਲ ਦੇ ਬੱਚਿਆਂ, ਅਧਿਆਪਕਾਂ ਅਤੇ ਸਟਾਫ਼ ਨਾਲ ਸਾਂਝਾ ਕਰਦਿਆਂ ਸਿੱਖਿਆ ਸੰਸਥਾ ਲਈ ਇਹ ਯੋਗਦਾਨ ਦਿੱਤਾ, ਜਿਸ ਦੀ ਇਲਾਕੇ ਵਿਚ ਖੂਬ ਪ੍ਰਸ਼ੰਸਾ ਹੋ ਰਹੀ ਹੈ। ਅਧਿਆਪਕ ਪ੍ਰਮੋਦ ਧੀਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੁੱਲਰ ਪਰਿਵਾਰ ਹਮੇਸ਼ਾਂ ਹੀ ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦਾ ਆ ਰਿਹਾ ਹੈ ਅਤੇ ਇਸ ਵਾਰ ਵੀ ਉਨ੍ਹਾਂ ਨੇ ਆਪਣੇ ਪਰਿਵਾਰਕ ਸੁਖ ਨੂੰ ਲੋਕ ਭਲਾਈ ਨਾਲ ਜੋੜ ਕੇ ਇੱਕ ਪ੍ਰੇਰਣਾਦਾਇਕ ਉਦਾਹਰਨ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿਚ ਲਗਾਏ ਜਾਣ ਵਾਲੇ ਇਹ ਪੱਖੇ ਗਰਮੀ ਦੇ ਮੌਸਮ ਦੌਰਾਨ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਣਗੇ। ਇਸ ਮੌਕੇ ਸਕੂਲ ਮੁਖੀ ਮੈਡਮ ਅਮਨਦੀਪ ਕੌਰ, ਸੀਨੀਅਰ ਅਧਿਆਪਕ ਪਰਮਜੀਤ ਸਿੰਘ ਸੰਧਵਾਂ, ਸਮੂਹ ਸਟਾਫ਼, ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਸ਼੍ਰੀਮਤੀ ਜਸਪ੍ਰੀਤ ਕੌਰ, ਸਮੂਹ ਪੰਚਾਇਤ ਅਤੇ ਸਰਪੰਚ ਰਣਧੀਰ ਸਿੰਘ ‘ਧੀਰਾ ਚਹਿਲ’ ਨੇ ਭੁੱਲਰ ਪਰਿਵਾਰ ਨੂੰ ਪੋਤੇ ਦੀ ਦਾਤ ਮਿਲਣ ’ਤੇ ਦਿਲੋਂ ਮੁਬਾਰਕਬਾਦ ਦਿੱਤੀ। ਇਸ ਮੌਕੇ ਉਨ੍ਹਾਂ ਨੇ ਪਰਿਵਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਨੇਕ ਕੰਮ ਸਮਾਜ ਵਿਚ ਸੇਵਾ ਅਤੇ ਸਾਂਝ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸਮਾਜ ਦੇ ਸਮਰੱਥ ਲੋਕਾਂ ਨੂੰ ਵੀ ਸਿੱਖਿਆ ਸੰਸਥਾਵਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਭੁੱਲਰ ਪਰਿਵਾਰ ਦੇ ਇਸ ਯੋਗਦਾਨ ਨਾਲ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਵਿਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ।