ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰਨਾ ਨਿੰਦਣਯੋਗ
ਪੰਜਾਬ ਰੋਡਵੇਜ਼ ਤੇ ਪੀ.ਆਰ.ਟੀ.ਸੀ. ਮੁਲਾਜ਼ਮਾਂ ਨੂੰ ਪੁਲਸੀਆਂ ਜਬਰ ਨਾਲ ਦਬਾਉਣ ਦੀ ਕਿਸਾਨ ਆਗੂ ਨੇ ਕੀਤੀ ਨਿੰਦਾ
Publish Date: Tue, 02 Dec 2025 04:20 PM (IST)
Updated Date: Tue, 02 Dec 2025 04:20 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਪੰਜਾਬ ਸਰਕਾਰ ਵੱਲੋਂ ਪੰਜਾਬ ਰੋਡਵੇਜ਼ ਤੇ ਪੀ.ਆਰ.ਟੀ.ਸੀ. ’ਚ ਕਿੱਲੋਮੀਟਰ ਸਕੀਮ ਅਧੀਨ ਨਿੱਜੀ ਕੰਪਨੀਆਂ ਦੀਆਂ ਬੱਸਾਂ ਪਾਉਣ ਲਈ ਬੀਤੇ ਦਿਨੀਂ ਕੱਢੇ ਜਾ ਰਹੇ ਟੈਂਡਰਾਂ ਖ਼ਿਲਾਫ਼ ਅੰਦੋਲਨ ਕਰ ਰਹੇ ਵਿਭਾਗੀ ਕਰਮਚਾਰੀਆਂ ਨੂੰ ਗਿ੍ਰਫ਼ਤਾਰ ਤੇ ਭਾਰੀ ਪੁਲਿਸ ਤਸ਼ੱਦਦ ਕਰਨ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਦੇ ਸੂਬਾ ਪ੍ਰਧਾਨ ਨਛੱਤਰ ਸਿੰਘ ਜੈਤੋ ਨੇ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਹੈ। ਨਛੱਤਰ ਸਿੰਘ ਜੈਤੋ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀ ਟਰਾਂਸਪੋਰਟ ਖੇਤਰ ’ਚ ਲੁੱਟ ਕਰਨ, ਰੋਡਵੇਜ਼ ਨੂੰ ਖ਼ਤਮ ਕਰਨ ਲਈ ਕਿੱਲੋਮੀਟਰ ਦੀ ਸਕੀਮ ਲਾਗੂ ਕਰ ਰਹੇ ਹਨ ਜਦ ਕਿ ਰੋਡਵੇਜ਼ 18 ਵੱਖ-ਵੱਖ ਕੈਟਾਗਰੀਆਂ ਨੂੰ ਲਾਭ ਦੇ ਰਹੀ ਹੈ। ਪਰ ਪੰਜਾਬ ਸਰਕਾਰ ਕਿੱਲੋਮੀਟਰ ਸਕੀਮ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੇ ਕਰਮਚਾਰੀਆਂ ਨੂੰ ਗਿ੍ਰਫ਼ਤਾਰ ਅਤੇ ਭਾਰੀ ਪੁਲਿਸ ਤਸ਼ੱਦਦ ਕਰਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਕੋਝੀਆਂ ਹਰਕਤਾਂ ਰਹੀ ਹੈ। ਕਿਸਾਨ ਆਗੂ ਨਛੱਤਰ ਸਿੰਘ ਜੈਤੋ ਨੇ ਪੁਲਸੀਆ ਜਬਰ ਦੀ ਨਿੰਦਾ ਕਰਦਿਆਂ ਕਿਹਾ ਕਿ ਕੱਟੜ ਇਮਾਨਦਾਰ ਕਹਾਉਣ ਵਾਲੇ ਆਮ ਆਦਮੀ ਪਾਰਟੀ ਦੇ ਮੰਤਰੀ ਆਪਣੀ ਲੁੱਟ ਪੱਕੀ ਕਰਨ ਲਈ ਰੋਡਵੇਜ਼ ਕਰਮਚਾਰੀਆਂ ਨੂੰ ਦਬਾਅ ਰਹੇ ਹਨ। ਨਛੱਤਰ ਸਿੰਘ ਜੈਤੋ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰੋਡਵੇਜ਼ ਅਦਾਰੇ ਨੂੰ ਬਚਾਉਣ ਲਈ ਕਰਮਚਾਰੀਆਂ ਦਾ ਸਾਥ ਦੇਣ ਲਈ ਮੈਦਾਨ ’ਚ ਨਿੱਤਰਨ।