ਜੈਤੋ ਦੇ ਵਾਰਡ ਨੰਬਰ-10 ਵਿਚ ਤਿਕੋਣੇ ਮੁਕਾਬਲੇ ਨਾਲ ਚੋਣ ਮਾਹੌਲ ਹੋਇਆ ਗਰਮ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਨਗਰ ਕੌਂਸਲ ਚੋਣਾਂ ਨੂੰ ਲੈ ਕੇ ਜੈਤੋ ਸ਼ਹਿਰ ਦਾ ਸਿਆਸੀ ਮਾਹੌਲ ਦਿਨੋਂ-ਦਿਨ ਹੋਰ ਗਰਮਾਉਂਦਾ ਜਾ ਰਿਹਾ ਹੈ। ਜਿਵੇਂ-ਜਿਵੇਂ ਚੋਣਾਂ ਦੀ ਤਾਰੀਖ ਨੇੜੇ ਆ ਰਹੀ ਹੈ, ਤਿਵੇਂ-ਤਿਵੇਂ ਉਮੀਦਵਾਰਾਂ ਦੀਆਂ ਸਰਗਰਮੀਆਂ ਅਤੇ ਚੋਣ ਪ੍ਰਚਾਰ ਵਿਚ ਤੇਜ਼ੀ ਸਾਫ਼ ਤੌਰ ’ਤੇ ਵੇਖਣ ਨੂੰ ਮਿਲ ਰਹੀ ਹੈ। ਖ਼ਾਸ ਕਰਕੇ ਜੈਤੋ ਦੇ ਵਾਰਡ ਨੰਬਰ-10 ਵਿਚ ਇਸ ਵਾਰ ਬਣਿਆ ਤਿਕੋਣਾ ਮੁਕਾਬਲਾ ਸਿਆਸੀ ਗਲੀਆਂ-ਮੁਹੱਲਿਆਂ ਵਿਚ ਚਰਚਾ ਦਾ ਕੇਂਦਰ ਬਣ ਗਿਆ ਹੈ। ਵਾਰਡ ਨੰਬਰ-10 ਵਿਚ ਇੱਕ ਪਾਸੇ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਪਹਿਲੀ ਵਾਰ ਚੋਣ ਮੈਦਾਨ ਵਿਚ ਉਤਰੇ ਨੌਜਵਾਨ ਉਮੀਦਵਾਰ ਅੰਕੁਸ਼ ਬਾਂਸਲ ਆਪਣੀ ਕਿਸਮਤ ਅਜ਼ਮਾ ਰਹੇ ਹਨ। ਅੰਕੁਸ਼ ਬਾਂਸਲ ਹਲਕਾ ਜੈਤੋ ਦੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਨ। ਉਨ੍ਹਾਂ ਵੱਲੋਂ ਘਰ-ਘਰ ਸੰਪਰਕ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ, ਵਿਕਾਸ ਕਾਰਜਾਂ ਅਤੇ ਭਵਿੱਖੀ ਯੋਜਨਾਵਾਂ ਦੇ ਆਧਾਰ ’ਤੇ ਵੋਟਰਾਂ ਨੂੰ ਆਪਣੇ ਹੱਕ ਵਿਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਦਿਲਬਾਗ ਸ਼ਰਮਾ ਉਰਫ਼ ‘ਬਾਗੀ’ ਚੋਣ ਮੈਦਾਨ ਵਿਚ ਡਟੇ ਹੋਏ ਹਨ। ਦਿਲਬਾਗ ਸ਼ਰਮਾ ‘ਬਾਗੀ’ ਨੂੰ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਦੇ ਕਰੀਬੀ ਵਜੋਂ ਜਾਣਿਆ ਜਾਂਦਾ ਹੈ ਅਤੇ ਪਾਰਟੀ ਵਰਕਰਾਂ ਵਿਚ ਉਨ੍ਹਾਂ ਦੀ ਮਜ਼ਬੂਤ ਪਕੜ ਮੰਨੀ ਜਾਂਦੀ ਹੈ। ਉਨ੍ਹਾਂ ਵੱਲੋਂ ਵੀ ਵਾਰਡ ਅੰਦਰ ਡੋਰ-ਟੂ-ਡੋਰ ਪ੍ਰਚਾਰ ਤੇਜ਼ ਕਰਕੇ ਲੋਕਾਂ ਨਾਲ ਸਿੱਧਾ ਰਾਬਤਾ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਪੰਜਾਬੀ ਗਾਇਕੀ ਵਿਚ ‘ਜੈਤੋ ਵਾਲੇ ਤਾਰੀ’ ਦੇ ਨਾਂ ਨਾਲ ਮਸ਼ਹੂਰ ਸਵ. ਅਵਤਾਰ ਸਿੰਘ ਮੱਕੜ ਦੇ ਸਪੁੱਤਰ ਅਮਰਜੀਤ ਸਿੰਘ ਉਰਫ਼ ‘ਵਿੱਕੀ ਮੱਕੜ’ ਵੀ ਚੋਣ ਮੈਦਾਨ ਵਿਚ ਹਨ। ਅਮਰਜੀਤ ਸਿੰਘ ‘ਵਿੱਕੀ ਮੱਕੜ’ ਨੂੰ ਨੌਜਵਾਨ ਵਰਗ ਵਿਚ ਖ਼ਾਸ ਸਮਰਥਨ ਮਿਲਦਾ ਦਿਖਾਈ ਦੇ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਵੀ ਪੂਰੇ ਜੋਸ਼ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਤਿੰਨਾਂ ਹੀ ਉਮੀਦਵਾਰਾਂ ਵੱਲੋਂ ਆਪਣੀ-ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਵਾਰਡ ਦੇ ਲੋਕਾਂ ਨੂੰ ਵਿਕਾਸ, ਸਹੂਲਤਾਂ ਅਤੇ ਬਦਲਾਅ ਦੇ ਵਾਅਦਿਆਂ ਨਾਲ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੋਣ ਪ੍ਰਚਾਰ ਦੌਰਾਨ ਵਾਰਡ ਵਿਚ ਸਿਆਸੀ ਸਰਗਰਮੀਆਂ ਚਰਮ ਸੀਮਾ ’ਤੇ ਪਹੁੰਚ ਚੁੱਕੀਆਂ ਹਨ ਅਤੇ ਸਮਰਥਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਹੁਣ ਸਭ ਦੀਆਂ ਨਜ਼ਰਾਂ ਵਾਰਡ ਨੰਬਰ-10 ਦੇ ਵੋਟਰਾਂ ’ਤੇ ਟਿਕੀਆਂ ਹੋਈਆਂ ਹਨ ਕਿ ਉਹ ਕਿਸ ਉਮੀਦਵਾਰ ਦੇ ਹੱਕ ਵਿਚ ਆਪਣਾ ਫ਼ੈਸਲਾ ਸੁਣਾਉਂਦੇ ਹਨ। ਇਹ ਦਿਲਚਸਪ ਤਿਕੋਣਾ ਮੁਕਾਬਲਾ ਆਉਣ ਵਾਲੇ ਸਮੇਂ ਵਿਚ ਹੋਰ ਵੀ ਰੋਮਾਂਚਕ ਰੂਪ ਲੈ ਸਕਦਾ ਹੈ ਅਤੇ ਅੰਤਿਮ ਫ਼ੈਸਲਾ ਵੋਟਰਾਂ ਦਾ ਫ਼ਤਵਾ ਹੀ ਤੈਅ ਕਰੇਗਾ।