ਗੁਰੂ ਨਾਨਕ ਮਿਸ਼ਨ ਸਕੂਲ ਦੇ ਬੱਚਿਆਂ ਨੇ ਕੀਤਾ ਦੌਰਾ
ਗੁਰੂ ਨਾਨਕ ਮਿਸ਼ਨ ਸੀਨੀ. ਸੈਕੰ. ਸਕੂਲ ਦੇ ਵਿਦਿਆਰਥੀਆਂ ਦਾ ਕਰਵਾਇਆ ਵਿੱਦਿਅਕ ਟੂਰ : ਮੱਕੜ
Publish Date: Sat, 06 Dec 2025 03:32 PM (IST)
Updated Date: Sun, 07 Dec 2025 04:00 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਸਥਾਨਕ ਦੁਆਰੇਆਣਾ ਰੋਡ ’ਤੇ ਸਥਿੱਤ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਦੇ ਡਾਇਰੈਕਟਰ ਕਰਨੈਲ ਸਿੰਘ ਮੱਕੜ ਅਤੇ ਮੈਨੇਜਰ ਪਰਮਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ‘ਉੱਚਾ ਦਰ ਬਾਬੇ ਨਾਨਕ ਦਾ ..’ ਦੇ ਵਿੱਦਿਅਕ ਟੂਰ ’ਤੇ ਗਏ ਸਕੂਲ ਦੇ ਵਿਦਿਆਰਥੀ-ਵਿਦਿਆਰਥਣਾਂ ਦੀ ਹਾਜਰੀ ਵਿੱਚ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਮੱਕੜ ਅਤੇ ਵਾਈਸ ਪ੍ਰਿੰਸੀਪਲ ਰਵਨੀਤ ਕੌਰ ਮੱਕੜ ਨੇ ਦੱਸਿਆ ਕਿ ਜਾਣ ਸਮੇਂ ਸਾਡੇ ਮਨ ਵਿੱਚ ਦੁਬਿਧਾ ਸੀ ਕਿ ਆਖਰ ਕਿਸ ਕਿਸਮ ਦਾ ਅਜਾਇਬ ਘਰ ਹੋਵੇਗਾ, ਪਰ ਦੇਖਣ ਤੋਂ ਬਾਅਦ ਇੰਝ ਪ੍ਰਤੀਤ ਹੋਇਆ ਕਿ ਜਿਵੇਂ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਦੇ ਅੰਗ ਸੰਗ ਹਨ। ਉਹਨਾਂ ਦੱਸਿਆ ਕਿ ਅਜਾਇਬ ਘਰ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਗਾਈਡ ਜਿਸ ਤਰਾਂ ਇਕ ਇਕ ਗੱਲ ਨੁਕਤੇਵਾਰ ਸਮਝਾ ਰਹੇ ਸਨ, ਉਸ ਤੋਂ ਇੰਝ ਪ੍ਰਤੀਤ ਹੁੰਦਾ ਸੀ ਕਿ ਜਿਵੇਂ ਬੱਚਿਆਂ, ਨੌਜਵਾਨਾ ਅਤੇ ਉਹਨਾ ਦੇ ਮਾਪਿਆਂ ਨੂੰ ਅਜਾਇਬ ਘਰ ਦਿਖਾਉਣਾ ਬਹੁਤ ਜਰੂਰੀ ਹੈ। ਪ੍ਰਿੰਸੀਪਲ ਗੁਰਪ੍ਰੀਤ ਸਿੰਘ ਮੱਕੜ ਨੇ ਦੱਸਿਆ ਕਿ ਬਾਬੇ ਨਾਨਕ ਦੀਆਂ ਚਾਰ ਯਾਤਰਾਵਾਂ (ਉਦਾਸੀਆਂ) ਦਾ ਜਿਸ ਤਰਾਂ ਵਿਸਥਾਰ ਦਿੱਤਾ ਗਿਆ ਹੈ, ਇਸ ਤਰਾਂ ਦੀ ਜਾਣਕਾਰੀ ਸਾਨੂੰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੀਆਂ ਕਿਤਾਬਾਂ ਵਿੱਚ ਨਹੀਂ ਲੱਭੀ, ਫਿਲਮਾ-ਨਾਟਕਾਂ-ਅਖਬਾਰਾਂ-ਰਸਾਲਿਆਂ ਆਦਿ ਵਿੱਚ ਵੀ ਇਸ ਤਰਾਂ ਦੀ ਜਾਣਕਾਰੀ ਨਹੀਂ ਮਿਲਦੀ। ਜੇਕਰ ਗੂਗਲ ’ਤੇ ਸਰਚ ਮਾਰਨ ਦੀ ਕੋਸ਼ਿਸ਼ ਕਰੀਏ ਤਾਂ ਫਿਰ ਵੀ ਇਸ ਤਰਾਂ ਦੀ ਜਾਣਕਾਰੀ ਨਹੀਂ ਮਿਲਦੀ, ਕਿਉਂਕਿ ਉਕਤ ਚਾਰ ਉਦਾਸੀਆਂ ਰਾਹੀਂ ਦੇਸ਼ ਵਿਦੇਸ਼ ਦੇ 140 ਸ਼ਹਿਰਾਂ ਦੀ ਝਲਕ ਦਿਖਾਈ ਗਈ ਹੈ, ਜਿੱਥੇ ਜਿੱਥੇ ਬਾਬਾ ਨਾਨਕ ਜੀ ਨੇ ਆਪਣੇ ਚਰਨ ਪਾਏ। ਉਹਨਾਂ ਬੱਚਿਆਂ ਲਈ ਮਨੋਰੰਜਨ ਦੇ ਵਿਸ਼ੇਸ਼ ਕੋਨੇ ਅਤੇ ਖੇਡਾਂ ਵਾਲੇ ਪ੍ਰਬੰਧਾਂ ਦੀ ਵੀ ਭਰਪੂਰ ਪ੍ਰਸੰਸਾ ਕੀਤੀ। ਉਹਨਾ ਦੱਸਿਆ ਕਿ 6 ਵੱਖ-ਵੱਖ ਫਿਲਮਾ ਦੇਖਣ, ਅਜਾਇਬ ਘਰ ਦੀ ਇਕ ਇਕ ਗੱਲ ਸਮਝਣ, ਨਨਕਾਣਾ ਬਜਾਰ ਵਿੱਚੋਂ ਖਰੀਦੋ ਫਰੋਖਤ ਕਰਨ, ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਵਾਲਾ ਕੋਨਾ ਦੇਖਣ, ਡਾ ਗੰਡਾ ਸਿੰਘ ਲਾਇਬ੍ਰੇਰੀ, ਭਾਈ ਲਾਲੋ ਦੀ ਬਗੀਚੀ, ਰਾਏ ਬੁਲਾਰ ਦਵਾਖਾਨਾ ਵਰਗੀਆਂ ਅਨੇਕਾਂ ਚੀਜਾਂ ਵਿੱਚੋਂ ਕੁਝ ਕੁ ਬਾਕੀ ਰਹਿ ਵੀ ਗਿਆ ਸੀ, ਕਿਉਂਕਿ 100 ਬੱਚਿਆਂ ਦੇ ਨਾਲ ਦੇਖਦੇ ਦੇਖਦੇ ਪੰਜ ਘੰਟੇ ਦਾ ਸਮਾਂ ਪਲਾਂ ਵਿੱਚ ਹੀ ਲੰਘ ਗਿਆ।