ਚਾਈਨਾ ਡੋਰ ਦੀ ਵਰਤੋਂ ’ਤੇ ਸਖਤ ਕਾਰਵਾਈ ਦੀ ਮੰਗ
ਚਾਈਨਾ ਡੋਰ ਵੇਚਣ ਅਤੇ ਖ਼ਰੀਦਣ ਵਾਲਿਆਂ ’ਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ
Publish Date: Sat, 06 Dec 2025 03:39 PM (IST)
Updated Date: Sun, 07 Dec 2025 04:00 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਬੱਚਿਆਂ ਵੱਲੋਂ ਪਤੰਗਬਾਜ਼ੀ ਦੇ ਸ਼ੌਕ ਨੂੰ ਪੂਰਾ ਕਰਨ ਲਈ ਵਰਤੀ ਜਾਣ ਵਾਲੀ ਚਾਈਨਾ ਡੋਰ ਅੱਜ ਸਮਾਜ ਅਤੇ ਪ੍ਰਸ਼ਾਸਨ ਲਈ ਇਕ ਵੱਡੀ ਚੁਨੌਤੀ ਬਣ ਚੁੱਕੀ ਹੈ। ਚਾਈਨਾ ਡੋਰ ਦੇ ਕਾਰਨ ਨਾ ਸਿਰਫ਼ ਮਾਸੂਮ ਬੱਚੇ, ਪਰ ਬਾਈਕ ਸਵਾਰਾਂ, ਜਾਨਵਰਾਂ ਅਤੇ ਰਾਹਗੀਰਾਂ ਦੀ ਜਾਨ ਨੂੰ ਵੀ ਗੰਭੀਰ ਖ਼ਤਰਾ ਪੈਦਾ ਹੋ ਰਿਹਾ ਹੈ। ਇਸ ਸਬੰਧ ਵਿਚ ਸਮਾਜ ਸੇਵਕ ਤੇ ਯੂਥ ਐਵਾਰਡੀ ਡਾ. ਗੁਰਚਰਨ ਭਗਤੂਆਣਾ, ਅਗਰਵਾਲ ਸਭਾ ਜੈਤੋ ਦੇ ਕਾਰਜਕਾਰੀ ਪ੍ਰਧਾਨ ਤੇ ਭਾਰਤ ਮਾਤਾ ਅਭਿਨੰਦਨ ਸੰਗਠਨ ਦੇ ਸੂਬਾ ਦੇ ਪ੍ਰਧਾਨ ਰਾਜੀਵ ਗੋਇਲ ‘ਬਿੱਟੂ ਬਾਦਲ’, ਇਨਸਾਨੀਅਤ ਕਲੱਬ ਜੈਤੋ ਦੇ ਪ੍ਰਧਾਨ ਅੰਮ੍ਰਿਤ ਅਰੋੜਾ, ਸਮਾਜ ਸੇਵੀ ਅਮਰਜੀਤ ਸਿੰਘ ‘ਵਿੱਕੀ ਮੱਕੜ’, ਉੱਦਮ ਕਲੱਬ ਜੈਤੋ ਦੇ ਮੀਤ ਪ੍ਰਧਾਨ ਤੇ ਉੱਘੇ ਸਮਾਜ ਸੇਵਕ ਜਗਦੇਵ ਸਿੰਘ ਢੱਲਾ ਅਤੇ ਨੌਜਵਾਨ ਵੈਲਫ਼ੇਅਰ ਸੁਸਾਇਟੀ ਜੈਤੋ ਦੇ ਪ੍ਰਧਾਨ ਤੇ ਸਮਾਜ ਸੇਵੀ ਸ਼ੇਖਰ ਸ਼ਰਮਾ ਨੇ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਉਕਤ ਆਗੂਆਂ ਨੇ ਕਿਹਾ ਕਿ ਚਾਈਨਾ ਡੋਰ ਵਿਚ ਵਰਤੇ ਜਾਣ ਵਾਲੇ ਤਿੱਖੇ ਧਾਗੇ ਅਤੇ ਕੈਮਿਕਲ ਸੁਰੱਖਿਆ ਲਈ ਘਾਤਕ ਸਾਬਤ ਹੋ ਰਹੇ ਹਨ। ਹੁਣ ਤੱਕ ਕਈ ਮਾਮਲਿਆਂ ਵਿਚ ਲੋਕਾਂ ਦੀਆਂ ਗਰਦਨਾਂ ’ਤੇ ਚੀਰ ਆਉਣ, ਬਾਈਕ ਸਵਾਰਾਂ ਦੇ ਡਿੱਗਣ ਅਤੇ ਜਾਨਵਰਾਂ ਦੇ ਜ਼ਖ਼ਮੀ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਇਹ ਡੋਰ ਸਿਰਫ਼ ਮਜ਼ੇ ਲਈ ਨਹੀਂ, ਬਲਕਿ ਬਿਨਾ ਸੋਚੇ ਸਮਾਜ ਲਈ ਹਾਦਸੇ ਲੈ ਕੇ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਚਾਈਨਾ ਡੋਰ ਦੀ ਵਿੱਕਰੀ ’ਤੇ ਪਹਿਲਾਂ ਹੀ ਪਾਬੰਦੀ ਹੈ ਪਰ ਫਿਰ ਵੀ ਇਹ ਕਾਲੇ ਧੰਦੇ ਵਾਂਗ ਕਈ ਥਾਵਾਂ ’ਤੇ ਚੁੱਪਚਾਪ ਵੇਚੀ ਜਾ ਰਹੀ ਹੈ ਜੋ ਬਹੁਤ ਚਿੰਤਾ ਦਾ ਵਿਸ਼ਾ ਹੈ। ਇਸ ਲਈ ਜ਼ਰੂਰੀ ਹੈ ਕਿ ਇਸ ਨੂੰ ਵੇਚਣ ਅਤੇ ਵਰਤਣ ਵਾਲਿਆਂ ਨੂੰ ਸਖ਼ਤ ਕਾਨੂੰਨੀ ਕਾਰਵਾਈ ਦੇ ਦਾਇਰੇ ਵਿਚ ਲਿਆਇਆ ਜਾਵੇ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪਤੰਗ ਉਡਾਉਣ ਸਮੇਂ ਸੁਰੱਖਿਆ ਬਾਰੇ ਜ਼ਰੂਰ ਸਮਝਾਉਣ ਅਤੇ ਚਾਈਨਾ ਡੋਰ ਦੇ ਇਸਤੇਮਾਲ ਤੋਂ ਬਚਣ ਲਈ ਪ੍ਰੇਰਿਤ ਕਰਨ।