ਗਾਂਧੀ ਰੋਡ 'ਤੇ ਲੱਗਣ ਲੱਗਾ ਜਾਮ, ਲੋਕ ਕਾਫ਼ੀ ਸਮਾਂ ਹੁੰਦੇ ਰਹਿੰਦੇ ਨੇ ਪਰੇਸ਼ਾਨ

ਵਕੀਲ ਮਹਿਰੋਂ, ਮੋਗਾ : ਕੋਰੋਨਾ ਮਹਾਮਾਰੀ ਕਾਰਨ ਮੋਗਾ ਅੰਦਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੇਸ਼ੱਕ ਲੋਕਾਂ ਨੂੰ ਕਰਫਿਊ ਖਤਮ ਕਰ ਕੇ ਲਾਕਡਾਊਨ ਦੇ ਚੱਲਦੇ ਕੁੱਝ ਰਾਹਤ ਪ੍ਰਦਾਨ ਕੀਤੀ ਹੈ ਪਰ ਕਈ ਜਗ੍ਹਾ ਤੋਂ ਹਾਲਾਤ ਦੇਖ ਕੇ ਇੰਝ ਲੱਗਦਾ ਹੈ ਕਿ ਪ੍ਰਸ਼ਾਸਨ ਲਾਕਡਾਊਨ 'ਚ ਜਿੱਥੇ ਆਪਣੇ ਦਾਅਵਿਆਂ ਨੂੰ ਭੁੱਲ ਗਿਆ ਹੈ, ਉਥੇ ਪ੍ਰਸ਼ਾਸਨ ਵੱਲੋਂ ਸਿਰਫ ਜ਼ਰੂਰੀ ਕੰਮਕਾਜ਼ ਦੇ ਲਈ ਹੀ ਘਰਾਂ ਤੋਂ ਬਾਹਰ ਨਿਕਲਣ ਵਾਲੇ ਚਾਰ ਪਹੀਆਂ ਵਹੀਕਲਾਂ ਨੂੰ ਮੇਨ ਬਜ਼ਾਰ 'ਚ ਦਾਖ਼ਲ ਕਰਨ ਨੂੰ ਲੈ ਸ਼ਹਿਰ ਵਿੱਚ ਦੋ ਜਗ੍ਹਾ ਤੇ ਪਾਰਿਕੰਗ ਵੀ ਬਣਾਈ ਹੋਈ ਹੈ। ਸ਼ਹਿਰ ਅੰਦਰ ਜਾਣ ਤੋਂ ਰੋਕ ਕੇ ਇਨ੍ਹਾਂ ਚਾਰ ਪਹੀਆਂ ਵਹੀਕਲਾਂ ਨੂੰ ਉਨ੍ਹਾਂ ਪਾਰਕਾਂ ਵਿੱਚ ਲਗਾ ਕੇ ਲੋਕ ਆਪਣੇ ਕੰਮ ਕਾਜ ਕਰ ਸਕਣ ਪਰ ਸ਼ਹਿਰ ਦੇ ਗਾਂਧੀ ਰੋਡ ਵਿਖੇ ਭਾਰੀ ਭੀੜ ਟੈ੍ਫਿਕ ਪੁਲਿਸ ਦੀ ਕਾਰਜਸ਼ੈਲੀ ਤੇ ਵੀ ਸਵਾਲ ਖੜੇ ਕਰਦੀ ਨਜ਼ਰ ਆ ਰਹੀ ਸੀ। ਕਿਉਂਕਿ ਚਾਰ ਪਹੀਆ ਵਾਹਨਾਂ ਦੀ ਮੇਨ ਬਜ਼ਾਰ ਵਿਚੋਂ ਐਂਟਰੀ ਨਾ ਹੋਣ ਦੇ ਕਾਰਨ ਸਾਰੇ ਵਾਹਨ ਇਥੋਂ ਦੀ ਲੰਘ ਰਹੇ ਹਨ, ਜਿਸ ਕਾਰਨ ਦੋ ਪਹੀਆ ਵਾਹਨ ਚਾਲਕਾਂ ਨੂੰ ਲੰਘਣ 'ਚ ਭਾਰੀ ਪ੍ਰਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਲੋਕਾਂ ਨੇ ਇਸ ਭੀੜ ਵਿਚ ਸ਼ੋਸ਼ਲ ਡਿਸਟੈਂਸ ਅਤੇ ਹੋਰ ਸੁਰੱਖਿਆ ਕਵਚਾਂ ਨੂੰ ਸਿੱਕੇ ਟੰਗ ਕੇ ਆਪਣੀ ਜੰਮ ਕੇ ਮਨਮਾਨੀ ਕੀਤੀ।

ਜ਼ਿਕਰਯੋਗ ਹੈ ਕਿ ਇਸ ਜਗ੍ਹਾ ਤੇ ਰੇਲਵੇ ਸਟੇਸ਼ਨ ਹੋਣ ਕਰਕੇ ਜਦੋਂ ਇਥੇ ਕਣਕ ਅਤੇ ਚੌਲਾਂ ਦੀ ਸਪੈਸ਼ਲ ਲੱਗਦੀ ਹੈ ਤਾਂ ਇਥੇ ਟ੍ਰੈਫਿਕ ਦੀ ਸਮੱਸਿਆ ਦਿਨੋ ਦਿਨ ਵੱਧੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਲੰਮੇ ਸਮੇਂ ਲਈ ਜਾਮ ਲੱਗਣੇ ਸ਼ੁਰੂ ਹੋ ਜਾਂਦੇ ਹਨ ਤੇ ਇਸ ਟ੍ਰੈਫਿਕ ਜਾਮ ਦੇ ਕਾਰਨ ਲੋਕਾਂ ਨੂੰ ਕਾਫੀ ਹੀ ਪ੍ਰਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਪਰ ਇਸ ਰੋਡ ਉਪਰ ਟ੍ਰੈਫਿਕ ਪੁਲਿਸ ਦੇ ਕਰਮਚਾਰੀਆਂ ਦੀ ਤੈਨਾਤੀ ਕਰਨਾ ਬਹੁਤ ਜਰੁਰੀ ਹੈ ਤਾਂ ਕਿ ਜਾਮ ਵਾਲੀ ਸਥਿਤੀ ਤੇ ਕਾਬੂ ਪਾਇਆ ਜਾ ਸਕੇ। ਕਿਉਂਕਿ ਗਾਂਧੀ ਰੋਡ ਤੇ ਫਿਰੋਜਪੁਰ ਰੋਡ ਤੱਕ ਸਪੈਸ਼ਲ ਲੱਗਣ ਮੌਕੇ ਹਮੇਸ਼ਾ ਹੀ ਜਾਮ ਰਹਿੰਦਾ ਹੈ। ਸੜਕ ਦੇ ਦੋਵੇਂ ਪਾਸੇ ਟ੍ਰੈਫਿਕ ਪੂਰੀ ਤਰ੍ਹਾਂ ਨਾਲ ਜਾਮ ਹੋ ਜਾਂਦਾ ਹੈ ਅਤੇ ਵਾਹਨਾਂ ਰਾਹੀਂ ਲੰਘਣਾ ਤਾਂ ਦੂਰ ਦੀ ਗੱਲ ਆਦਮੀ ਦਾ ਪੈਦਲ ਲੰਘਣਾ ਵੀ ਅੌਖਾ ਹੋ ਜਾਂਦਾ ਹੈ।

ਇਸ ਰੋਡ ਤੇ ਲੱਗੇ ਜਾਮ 'ਚ ਲੋਕ ਆਪਣੇ ਵਾਹਨ ਇਕ ਦੂਜੇ ਤੋਂ ਅੱਗੇ ਕੱਡਣ ਲਈ ਇਧਰ ਓਧਰ ਫਸਾ ਕੇ ਖੜ੍ਹ ਜਾਂਦੇ ਹਨ ਤੇ ਕਣਕ ਨਾਲ ਭਰੇ ਹੋਏ ਟਰੱਕਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗ ਜਾਦੀਆਂ ਹਨ ਪਰ ਇਸ ਜਗ੍ਹਾ ਤੇ ਲੱਗੇ ਜਾਮ ਦੀ ਸੂਚਨਾ ਕਿਸੇ ਪ੍ਰਸ਼ਾਸਨ ਅਧਿਕਾਰੀ ਨੂੰ ਲੱਗਦੀ ਨਹੀਂ ਹੋਣੀ। ਇਥੋਂ ਲੰਘਣ ਵਾਲੇ ਰਾਹਗੀਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਾਮ ਵਾਲੀ ਜਗ੍ਹਾ ਤੇ ਟ੍ਰੈਫਿਕ ਪੁਲਿਸ ਦੇ ਕਰਮਚੀਰੀਆਂ ਦੀਆਂ ਡਿਉਟੀਆਂ ਲਗਾਈਆਂ ਜਾਣ।