ਪੰਜਾਬੀ ਜਾਗਰਣ ਟੀਮ, ਮੋਗਾ : ਥਾਣਾ ਸਿਟੀ-1 ਵਿਚ ਚੋਰੀ ਦੇ ਦੋਸ਼ ਵਿਚ ਫੜੇ ਇਕ ਨੌਜਵਾਨ ਨੇ ਹਵਾਲਾਤ ਵਿਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਉਸ ਨੇ ਕੰਬਲ ਦੇ ਕਿਨਾਰੇ 'ਤੇ ਲੱਗੇ ਕੱਪੜੇ ਨੂੰ ਕੱਢ ਕੇ ਉਸ ਨਾਲ ਫੰਦਾ ਬਣਾਇਆ ਤੇ ਫਾਂਸੀ ਲਾ ਲਈ। ਹਵਾਲਾਤ ਵਿਚ ਬੰਦ ਵਿਚਾਰ ਅਧੀਨ ਕੈਦੀ ਦੀ ਖ਼ੁਦਕੁਸ਼ੀ ਦੀ ਪੂਰੀ ਘਟਨਾ ਥਾਣੇ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਹਵਾਲਾਤੀ ਦੀ ਮੌਤ ਪਿੱਛੋਂ ਥਾਣੇ ਵਿਚ ਮਚੀ ਹਫੜਾ-ਦਫੜੀ ਦੇ ਚੱਲਦਿਆਂ ਹਵਾਲਾਤ ਵਿਚ ਹੀ ਬੰਦ ਇਕ ਹੋਰ ਨੌਜਵਾਨ ਉੱਥੋਂ ਭੱਜ ਗਿਆ। ਇਸ ਮਾਮਲੇ 'ਚ ਨਿਆਇਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਮਾਂ ਨੇ ਪੁਲਿਸ 'ਤੇ ਉਸ ਦੇ ਪੁੱਤਰ ਦੀ ਹੱਤਿਆ ਦਾ ਦੋਸ਼ ਲਾਇਆ ਹੈ। ਐੱਸਪੀ (ਐੱਚ) ਨੇ ਇਸ ਦੋਸ਼ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਸ ਮਾਮਲੇ 'ਚ ਨਿਆਇਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਮੁਲਜ਼ਮ ਦੇ ਭੱਜ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਉਸ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਅਮਨਦੀਪ ਕੌਰ ਚਹਿਲ ਨੇ ਥਾਣੇ ਪੁੱਜ ਕੇ ਪੂਰੇ ਮਾਮਲੇ ਦੀ ਜਾਂਚ ਕੀਤੀ।

ਜਾਣਕਾਰੀ ਅਨੁਸਾਰ 27 ਸਾਲ ਦਾ ਮਨੀ ਮਸੀਹ ਉਰਫ ਫਿਲਿਪ ਮਸੀਹ ਪੁੱਤਰ ਸੈਮੂਅਲ ਮਸੀਹ ਨੂੰ ਥਾਣਾ ਸਿਟੀ ਪੁਲਿਸ ਨੇ ਸ਼ਨਿਚਰਵਾਰ ਨੂੰ ਹਿਰਾਸਤ ਵਿਚ ਲਿਆ ਸੀ। ਰਾਤੀਂ ਪੁੱਛਗਿੱਛ ਪਿੱਛੋਂ ਉਸ ਨੂੰ ਥਾਣੇ ਦੀ ਹਵਾਲਾਤ ਵਿਚ ਬੰਦ ਕਰ ਦਿੱਤ ਗਿਆ ਸੀ। ਹਵਾਲਾਤ ਵਿਚ ਮਨੀ ਦੇ ਨਾਲ ਹੀ ਇਕ ਹੋਰ ਨੌਜਵਾਨ ਨੂੰ ਵੀ ਰੱਖਿਆ ਗਿਆ ਸੀ। ਉਸ ਨੂੰ ਪੁਲਿਸ ਨੇ ਸ਼ੁੱਕਰਵਾਰ ਨੂੰ ਕਾਂਗਰਸ ਦੇ ਧਰਨੇ ਦੌਰਾਨ ਮੋਬਾਈਲ ਚੋਰੀ ਦੇ ਸ਼ੱਕ ਵਿਚ ਹਿਰਾਸਤ ਵਿਚ ਲਿਆ ਸੀ।

ਸਵੇਰੇ ਲਗਪਗ ਸਵਾ ਪੰਜ ਵਜੇ ਥਾਣੇ ਦਾ ਸੰਤਰੀ ਹਵਾਲਾਤ ਵੱਲ ਪੁੱਜਾ ਤਾਂ ਇਹ ਦੇਖ ਦੇ ਹੈਰਾਨ ਰਹਿ ਗਿਆ ਕਿ ਮਨੀ ਨੇ ਗਲੇ ਵਿਚ ਕੰਬਲ ਦੇ ਕੱਪੜੇ ਦਾ ਫੰਦਾ ਬਣਾ ਕੇ ਗਰਿੱਲ ਨਾਲ ਫਾਹਾ ਲਿਆ ਹੋਇਆ ਸੀ। ਉਹ ਨਿਢਾਲ ਹੋ ਕੇ ਲਟਕਿਆ ਪਿਆ ਸੀ। ਸੰਤਰੀ ਨੇ ਤੁਰੰਤ ਇਸ ਦੀ ਸੂਚਨਾ ਥਾਣੇ ਦੇ ਬਾਕੀ ਸਟਾਫ ਨੂੰ ਦਿੱਤੀ।

ਸੂਚਨਾ ਮਿਲਦਿਆਂ ਹੀ ਥਾਣੇ 'ਚ ਹਫੜਾ-ਦਫੜੀ ਮਚ ਗਈ। ਹਵਾਲਾਤ ਦੀ ਗਰਿੱਲ ਦੇ ਸਹਾਰੇ ਨਿਢਾਲ ਹੋ ਕੇ ਲਟਕੇ ਮਨੀ ਨੂੰ ਪੁਲਿਸ ਮੁਲਾਜ਼ਮ ਤੁਰੰਤ ਮਥੁਰਾਦਾਸ ਸਿਵਲ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜਿਸ ਵੇਲੇ ਮਨੀ ਨੂੰ ਹਵਾਲਾਤ ਵਿਚੋਂ ਕੱਢਿਆ ਜਾ ਰਿਹਾ ਸੀ ਉਸ ਵੇਲੇ ਮਚੀ ਹਫੜਾ-ਦਫੜੀ ਦੌਰਾਨ ਮੌਕਾ ਪਾ ਕੇ ਦੂਜਾ ਹਵਾਲਾਤੀ ਫ਼ਰਾਰ ਹੋ ਗਿਆ।

ਹਾਲਾਂਕਿ ਥਾਣੇ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ 'ਚ ਪਤਾ ਲੱਗ ਰਿਹਾ ਹੈ ਕਿ ਜਿਸ ਵੇਲੇ ਮਨੀ ਨੇ ਆਪਣੇ ਗਲੇ ਵਿਚ ਫੰਦਾ ਲਾ ਕੇ ਗਰਿੱਲ ਨਾਲ ਬੰਨ੍ਹ ਕੇ ਦੋ ਝਟਕੇ ਦਿੱਤੇ ਇਸ ਦੀ ਜਾਣਕਾਰੀ ਹਵਾਲਾਤ ਵਿਚ ਉਸ ਨਾਲ ਬੰਦ ਦੂਜੇ ਨੌਜਵਾਨ ਨੂੰ ਨਹੀਂ ਹੋ ਸਕੀ, ਉਸ ਵੇਲੇ ਉਹ ਸੁੱਤਾ ਪਿਆ ਸੀ। ਐੱਸਪੀ (ਐੱਚ) ਰਤਨ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮ ਵਿਰੁੱਧ ਥਾਣੇ ਵਿਚ ਦੋ ਸਤੰਬਰ ਨੂੰ ਧਾਰਾ 457, 380 ਦੇ ਮਾਮਲੇ 'ਚ ਕੇਸ ਦਰਜ ਕੀਤਾ ਗਿਆ ਸੀ ਜਦਕਿ ਉਹ 376 ਦੇ ਇਕ ਹੋਰ ਮਾਮਲੇ ਵਿਚ ਵੀ ਵਿਚਾਰ ਅਧੀਨ ਸੀ।