ਨੌਜਵਾਨ ਦੀ ਗੁਪਤ ਅੰਗ ਨੇੜੇ ਚਿੱਟੇ ਦਾ ਟੀਕਾ ਲਾਉਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ; ਮੋਗਾ ਪੁਲਿਸ ਨੇ ਖੋਲ੍ਹਿਆ ਇਸ ਦਾ ਸੱਚ
ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਉਪਰੰਤ ਮੋਗਾ ਪੁਲਿਸ ਤੁਰੰਤ ਹਰਕਤ 'ਚ ਆ ਗਈ ਤੇ ਡੀਐੱਸਪੀ ਸਿਟੀ ਜਤਿੰਦਰ ਸਿੰਘ ਗਿੱਲ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਉਕਤ ਵੀਡੀਓ ਕਾਫ਼ੀ ਪੁਰਾਣੀ ਹੈ ਅਤੇ ਜਾਂਚ ਤੋਂ ਬਾਅਦ ਹੀ ਇਸ ਦੀ ਅਸਲ ਸੱਚਾਈ ਸਾਹਮਣੇ ਆਵੇਗੀ।
Publish Date: Tue, 09 Jun 2026 02:38 PM (IST)
Updated Date: Tue, 09 Jun 2026 02:41 PM (IST)
ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਸੋਸ਼ਲ ਮੀਡੀਆ ’ਤੇ ਮੋਗਾ 'ਚ ਇਕ ਨੌਜਵਾਨ ਵੱਲੋਂ ਗੁਪਤ ਅੰਗ ਦੇ ਨੇੜੇ ਨਸ਼ੇ ਦਾ ਟੀਕਾ ਲਾਉਣ ਦੀ ਵੀਡੀਓ ਵਾਇਰਲ ਹੋਣ ਕਾਰਨ ਲੋਕਾਂ ਵਿਚ ਹੜਕੰਪ ਮਚ ਗਿਆ ਤੇ ਲੋਕ ਚਰਚਾ ਕਰ ਰਹੇ ਹਨ ਕਿ ਪੁਲਸ ਦੀ ਇੰਨੀ ਸਖ਼ਤੀ ਦੇ ਬਾਵਜੂਦ ਇਹ ਚਿੱਟਾ ਆਖਿਰ ਕਿੱਥੋਂ ਆ ਰਿਹਾ ਹੈ। ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਉਪਰੰਤ ਮੋਗਾ ਪੁਲਿਸ ਤੁਰੰਤ ਹਰਕਤ 'ਚ ਆ ਗਈ ਤੇ ਡੀਐੱਸਪੀ ਸਿਟੀ ਜਤਿੰਦਰ ਸਿੰਘ ਗਿੱਲ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਉਕਤ ਵੀਡੀਓ ਕਾਫ਼ੀ ਪੁਰਾਣੀ ਹੈ ਅਤੇ ਜਾਂਚ ਤੋਂ ਬਾਅਦ ਹੀ ਇਸ ਦੀ ਅਸਲ ਸੱਚਾਈ ਸਾਹਮਣੇ ਆਵੇਗੀ।
ਉਨ੍ਹਾਂ ਕਿਹਾ ਕਿ ਜਿਸ ਕਿਸੇ ਨੇ ਵੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਹੈ, ਉਸ ਨੇ ਜਾਣ-ਬੁੱਝ ਕੇ ਸਨਸਨੀ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਜਦਕਿ ਉਸ ਨੂੰ ਚਾਹੀਦਾ ਸੀ ਕਿ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੰਦਾ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਿਆ ਹੈ ਕਿ ਇਹ ਵੀਡੀਓ ਗਿੱਲ ਰੋਡ ’ਤੇ ਇਕ ਖਾਲੀ ਪਲਾਟ ਦੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੋਗਾ ਪੁਲਿਸ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਤੇ ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ 'ਚ ਦਾਖ਼ਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਖਾਲੀ ਪਏ ਪਲਾਟਾਂ ਦੇ ਮਾਲਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੇ ਪਲਾਟਾਂ ਦੀ ਚਾਰਦੀਵਾਰੀ ਕਰਵਾਉਣ, ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਲੋਕ ਨਸ਼ੇ ਦੇ ਖ਼ਿਲਾਫ਼ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਜੋ ਨੌਜਵਾਨਾਂ ਨੂੰ ਬਚਾਇਆ ਜਾ ਸਕੇ।