ਵਕੀਲ ਮਹਿਰੋਂ, ਮੋਗਾ : ਸਥਾਨਕ ਅਕਾਲਸਰ ਰੋਡ ਵਿਖੇ ਪਬ ਜੀ ਗੇਮ ਖੇਡਣ ਦੇ ਸ਼ੌਕੀਨ 22 ਸਾਲਾਂ ਨੌਜਵਾਨ ਨੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਸਾਉਥ ਦੇ ਹੌਲਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਭਰਾ ਬੱਬੂ ਨੇ ਦੱਸਿਆ ਕਿ ਮਿ੍ਤਕ ਵਿਜੈ ਕੁਮਾਰ ਜੋ ਵਿਆਹ ਸ਼ਾਦੀਆਂ ਵਿਚ ਤੰਦੂਰ 'ਤੇ ਰੋਟੀਆਂ ਬਣਾਉਣ ਦਾ ਕੰਮ ਕਰਦਾ ਸੀ ਪਰ ਦੋ ਮਹੀਨਿਆਂ ਤੋਂ ਉਹ ਫੋਕਲ ਪੁਆਇੰਟ ਵਿਖੇ ਇਕ ਪਲਾਸਟਿਕ ਦੀ ਫੈਕਟਰੀ ਵਿਚ ਕੰਮ ਕਰਨ ਲੱਗ ਪਿਆ ਸੀ। ਬੀਤੀ ਰਾਤ ਕਰੀਬ ਸਾਢੇ 10 ਵਜੇ ਉਸ ਨੇ ਆਪਣੇ ਕਮਰੇ 'ਚ ਗਲ ਵਿਚ ਚੁੰਨੀ ਪਾ ਕੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਵਿਜੇ ਕੁਮਾਰ ਪਿਛਲੇ ਕਈ ਦਿਨਾਂ ਤੋਂ ਪਰੇਸ਼ਾਨ ਸੀ ਤੇ ਉਸ ਨੇ ਸ਼ਰਾਬ ਪੀਤੀ ਹੋਈ ਸੀ।

ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਿਜੇ ਕੁਮਾਰ ਪਬ ਜੀ ਗੇਮ ਖੇਡਣ ਦਾ ਬਹੁਤ ਜ਼ਿਆਦਾ ਸ਼ੌਕੀਨ ਸੀ। ਤਕਰੀਬਨ ਸਾਰੀ ਸਾਰੀ ਰਾਤ ਗੇਮ ਖੇਡਦਾ ਰਹਿੰਦਾ ਸੀ। ਇਸ ਕਰਕੇ ਰਾਤ ਨੂੰ ਵੀ ਘੱਟ ਹੀ ਸੌਂਦਾ ਸੀ। ਹੌਲਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਭਰਾ ਬੱਬੂ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।