ਸੰਵਾਦ ਸਹਿਯੋਗੀ, ਮੋਗਾ : ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਧੇਕੇ 'ਚ ਚੋਰੀ ਦੇ ਸ਼ੱਕ 'ਚ ਕਬਾੜ ਖ਼ਰੀਦਣ ਆਏ ਨੌਜਵਾਨ ਨੂੰ ਵੱਡੀ ਗਿਣਤੀ 'ਚ ਇਕੱਠੇ ਹੋਏ ਲੋਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਉਨ੍ਹਾਂ ਨੇ ਕੁੱਟਮਾਰ ਦੀ ਵੀਡੀਓ ਬਣਾ ਲਈ ਜਿਸ ਨੂੰ ਇੰਟਰਨੈੱਟ ਮੀਡੀਆ 'ਤੇ ਵਾਇਰਲ ਕਰ ਦਿੱਤਾ। ਪਹਿਲਾਂ ਤਾਂ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਕੁਦਰਤੀ ਮੌਤ ਸਮਿਝਆ ਪਰ ਵਾਇਰਲ ਵੀਡੀਓ ਤੋਂ ਸੱਚ ਸਾਹਮਣੇ ਆ ਗਿਆ। ਮਿ੍ਤਕ ਦੀ ਪਛਾਣ ਸੂਰਜ ਵਾਸੀ ਪਿੰਡ ਪੱਤੋ ਵਜੋਂ ਹੋਈ ਹੈ।

ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐਸਪੀ ਸਰਫਰਾਜ਼ ਆਲਮ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਮਿ੍ਤਕ ਦੇ ਪੂਰੇ ਸਰੀਰ 'ਤੇ ਕੁੱਟਮਾਰ ਦੇ ਨਿਸ਼ਾਨ ਦੇਖ ਕੇ ਸ਼ਨਿੱਚਰਵਾਰ ਸ਼ਾਮ ਨੂੰ ਮਥੁਰਾਦਾਸ ਸਿਵਲ ਹਸਪਤਾਲ 'ਚ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ। ਪਤਾ ਲੱਗਾ ਹੈ ਕਿ ਜਦੋਂ ਨੌਜਵਾਨ ਦੀ ਕੁੱਟਮਾਰ ਤੋਂ ਬਾਅਦ ਵੀਡੀਓ ਬਣਾਇਆ ਗਿਆ ਤਾਂ ਚੌਰਾਹੇ 'ਤੇ 300-400 ਲੋਕਾਂ ਦੀ ਭੀੜ ਮੌਜੂਦ ਸੀ।

ਮਿ੍ਤਕ ਸੂਰਜ ਦੇ ਭਰਾ ਰਾਜੂ ਨੇ ਪੁਲਿਸ ਨੂੰ ਦੱਸਿਆ ਕਿ ਉਹ ਤੇ ਉਸ ਦਾ ਛੋਟਾ ਭਰਾ ਸੂਰਜ ਕਬਾੜ ਖਰੀਦਣ ਲਈ ਸਾਈਕਲਾਂ 'ਤੇ ਪਿੰਡਾਂ ਵਿਚ ਘੁੰਮਦੇ ਸਨ। ਉਸ ਦਾ ਭਰਾ ਸੂਰਜ 13 ਮਈ ਨੂੰ ਸਵੇਰੇ ਅੱਠ ਵਜੇ ਸਾਈਕਲ 'ਤੇ ਪਿੰਡ ਮਧੇਕੇ ਗਿਆ ਸੀ। ਬਾਅਦ ਵਿਚ ਉਹ ਅਤੇ ਉਸ ਦੀ ਮਾਤਾ ਕਿਸੇ ਕੰਮ ਲਈ ਸਾਈਕਲ 'ਤੇ ਪਿੰਡ ਮਧੇਕੇ ਗਏ। ਕਰੀਬ 10.30 ਵਜੇ ਉਸ ਦਾ ਭਰਾ ਸੂਰਜ ਪਿੰਡ ਮਧੇਕੇ ਵਿਚ ਸਵਰਨ ਸਿੰਘ ਦੇ ਠੇਕੇ ਵਾਲੇ ਖੇਤ ਵਿਚ ਲੱਗੀ ਪਾਣੀ ਦੀ ਮੋਟਰ 'ਤੇ ਪਾਣੀ ਪੀਣ ਲਈ ਰੁਕਿਆ। ਇਸੇ ਦੌਰਾਨ ਪਿੰਡ ਮਧੇਕੇ ਦੇ ਚਮਕੌਰ ਸਿੰਘ, ਤਿੱਤਰ ਸਿੰਘ, ਹਰਪਾਲ ਸਿੰਘ, ਅਮਨ, ਕੁਲਦੀਪ ਸਿੰਘ ਅਤੇ ਸਵਰਨ ਸਿੰਘ ਅਤੇ ਸੱਤ-ਅੱਠ ਹੋਰ ਵਿਅਕਤੀਆਂ ਨੇ ਉਸ ਦੇ ਭਰਾ ਨੂੰ ਚੋਰੀ ਦੇ ਸ਼ੱਕ ਵਿਚ ਫੜ ਲਿਆ ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਕੁੱਟਮਾਰ ਕਰਦੇ ਹੋਏ ਇਹ ਲੋਕ ਉਸ ਦੇ ਭਰਾ ਸੂਰਜ ਨੂੰ ਪਿੰਡ ਮਧੇਕੇ ਚੌਕ ਲੈ ਗਏ, ਜਿੱਥੇ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕਰਦੇ ਦੀ ਫਿਰ ਵੀਡੀਓ ਬਣਾਈ। ਅਚਾਨਕ ਉਹ ਅਤੇ ਉਸ ਦੀ ਮਾਂ ਉਥੋਂ ਲੰਘੇ ਤਾਂ ਜ਼ਮੀਨ 'ਤੇ ਪਏ ਉਸ ਦੇ ਭਰਾ ਨੇ ਉਸ ਨੂੰ ਆਪਣੇ ਨਾਲ ਵਾਪਰੀ ਸਾਰੀ ਘਟਨਾ ਦੱਸੀ। ਇਸ ਦੌਰਾਨ ਕੁਝ ਲੋਕਾਂ ਨੇ ਕੁੱਟਮਾਰ ਦੀ ਵੀਡੀਓ ਵੀ ਇੰਟਰਨੈੱਟ ਮੀਡੀਆ 'ਤੇ ਵਾਇਰਲ ਕਰ ਦਿੱਤੀ। ਕੁੱਟਮਾਰ ਤੋਂ ਬਾਅਦ ਉਸ ਦਾ ਭਰਾ ਪਾਣੀ ਪੀਣ ਲੱਗਾ ਤਾਂ ਉਹ ਉਥੇ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ।

ਥਾਣਾ ਨਿਹਾਲ ਸਿੰਘ ਵਾਲਾ ਦੇ ਏਐੱਸਆਈ ਰਛਪਾਲ ਸਿੰਘ ਨੇ ਦੱਸਿਆ ਕਿ ਸੁਰਜੀਤ ਸਿੰਘ ਵਾਸੀ ਖਾਈ, ਚਮਕੌਰ ਸਿੰਘ, ਤਿੱਤਰ ਸਿੰਘ, ਹਰਪਾਲ ਸਿੰਘ, ਅਮਨ, ਕੁਲਦੀਪ ਸਿੰਘ ਵਾਸੀ ਮਧੇਕੇ ਸਮੇਤ ਅੱਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।