ਵਕੀਲ ਮਹਿਰੋਂ, ਮੋਗਾ : ਪਤੀ 'ਤੇ ਨਸ਼ਾ ਵੇਚਣ ਦਾ ਕਥਿਤ ਦੋਸ਼ ਲਾ ਪਿੰਡ ਸਮਾਧ ਭਾਈ ਦੇ ਕੁਝ ਲੋਕਾਂ ਨੇ ਇਸੇ ਪਿੰਡ ਦੇ ਪਰਿਵਾਰ ਦੀ ਇਕ ਅੌਰਤ 'ਤੇ ਬਹੁਤ ਜ਼ਿਆਦਾ ਜੁਲਮ ਢਾਹਿਆ। ਪਿੰਡ ਦੇ ਲੋਕਾਂ ਨੇ ਅੌਰਤ ਦੇ ਘਰ ਨੂੰ ਜਿੰਦਰਾ ਜੜ ਦਿੱਤਾ। ਪੁਲਿਸ ਦੀ ਮੱਦਦ ਨਾਲ ਅੌਰਤ ਦੇ ਘਰ ਦੀ ਤਲਾਸ਼ ਵੀ ਲਈ ਗਈ ਪਰ ਪੁਲਿਸ ਨੂੰ ਕੁਝ ਵੀ ਨਹੀਂ ਮਿਲਿਆ। ਪਿੰਡ ਵਾਸੀਆਂ ਵੱਲੋਂ ਘਰ ਨੂੰ ਤਾਲਾ ਲਾਏ ਜਾਣ ਤੋਂ ਬਾਅਦ ਪੀੜਤ ਅੌਰਤ ਮਜ਼ਬੂਰਨ ਆਪਣੇ ਬੱਚਿਆਂ ਨੂੰ ਲੈ ਕੇ ਰਿਸ਼ਤੇਦਾਰੀ 'ਚ ਚਲੀ ਗਈ ਹੈ।

ਉਧਰ ਥਾਣਾ ਬਾਘਾਪੁਰਾਣਾ ਦੇ ਮੁਖੀ ਦਾ ਕਹਿਣਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ। ਪਿੰਡ ਦੇ ਲੋਕਾਂ ਨੇ ਘਰ ਨੂੰ ਤਾਲਾ ਨਹੀਂ ਲਾਇਆ ਹੈ, ਬਲਕਿ ਅੌਰਤ ਨੇ ਖ਼ੁਦ ਹੀ ਪਿੰਡ ਵਾਸੀਆਂ ਦੇ ਡਰੋਂ ਘਰ ਨੂੰ ਤਾਲਾ ਲਾਇਆ ਹੈ।

ਪੀੜਤ ਅੌਰਤ ਦਾ ਕਹਿਣਾ ਹੈ ਕਿ ਉਸ ਦਾ ਪਤੀ ਨਸ਼ਾ ਕਰਦਾ ਜ਼ਰੂਰ ਸੀ ਪਰ ਵੇਚਦਾ ਨਹੀਂ ਸੀ। ਪਿੰਡ ਸਮਾਧ ਭਾਈ ਵਾਸੀ ਬਲਜੀਤ ਕੌਰ ਪਤਨੀ ਚਮਕੌਰ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਬੇਟੇ ਅਤੇ ਇਕ ਬੇਟੀ ਹੈ। ਪਤੀ ਪੁਰਾਣੇ ਟਰੱਕ ਖ਼ਰੀਦਣ ਵੇਚਣ ਦਾ ਕੰਮ ਕਰਦਾ ਹੈ। ਜਿਸ ਕਾਰਨ ਉਸਦਾ ਪਤੀ ਜ਼ਿਆਦਾਤਰ ਬਾਹਰ ਰਹਿੰਦਾ ਹੈ। ਪੀੜਤ ਅੌਰਤ ਬਲਜੀਤ ਕੌਰ ਦਾ ਕਹਿਣਾ ਹੈ ਕਿ ਉਸਦਾ ਪਤੀ ਚਮਕੌਰ ਸਿੰਘ ਨਸ਼ੇ ਦਾ ਆਦੀ ਸੀ। ਪਿਛਲੇ ਸਮੇਂ ਦੌਰਾਨ ਉਸ ਨੇ ਆਪਣੇ ਪਤੀ ਨੂੰ ਨਸ਼ਾ ਛੱਡਣ ਵਾਲੀ ਦਵਾਈ ਖੁਆਈ ਸੀ, ਜਿਸ ਦੇ ਚੱਲਦਿਆਂ ਉਸ ਦਾ ਪਤਾ ਨਸ਼ਾ ਛੱਡ ਗਿਆ ਸੀ ਪਰ ਕਲੱਬ ਮੈਂਬਰਾਂ ਵੱਲੋਂ ਉਸ ਦੇ ਪਤੀ ਅਤੇ ਪਰਿਵਾਰ 'ਤੇ ਹਮੇਸ਼ਾ ਹੀ ਇਹ ਦੋਸ਼ ਲਾਇਆ ਜਾਂਦਾ ਹੈ ਕਿ ਉਹ ਨਸ਼ਾ ਵੇਚਣ ਦਾ ਕਾਰੋਬਾਰ ਕਰਦੇ ਹਨ। ਪੀੜਤਾ ਨੇ ਦੋਸ਼ ਲਾਇਆ ਕਿ 28 ਜੁਲਾਈ ਨੂੰ ਪਿੰਡ ਦੇ ਹੀ ਕਲੱਬ ਦੇ ਮੈਂਬਰਾਂ ਨੇ ਉਸ ਦੇ ਘਰ ਆ ਕੇ ਗਾਲੀ ਗਲੋਚ ਕੀਤਾ ਤੇ ਸਾਮਾਨ ਦੀ ਭੰਨ ਤੋੜ ਕੀਤੀ। ਜਦੋਂ ਉਹ ਦੂਸਰੇ ਦਿਨ ਥਾਣੇ ਸ਼ਿਕਾਇਤ ਕਰਨ ਗਈ ਤਾਂ ਪਿੰਡ ਵਾਸੀਆਂ ਨੇ ਉਸ ਦੇ ਘਰ ਨੂੰ ਹੀ ਤਾਲਾ ਲਾ ਦਿੱਤਾ। ਇਹੀ ਨਹੀਂ ਕਲੱਬ ਮੈਂਬਰਾਂ ਦੀ ਸ਼ਿਕਾਇਤ 'ਤੇ ਥਾਣਾ ਬਾਘਾਪੁਰਾਣਾ ਦੇ ਮੁਖੀ ਨੇ ਸਮੇਤ ਪੁਲਿਸ ਪਾਰਟੀ ਉਸ ਦੇ ਘਰ ਦੀ ਤਲਾਸ਼ੀ ਵੀ ਲਈ, ਪਰ ਉਸ ਦੇ ਘਰੋਂ ਕੁਝ ਵੀ ਨਹੀਂ ਮਿਲਿਆ। ਪੀੜਤਾ ਬਲਜੀਤ ਕੌਰ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦੇ ਤਿੰਨ ਬੱਚੇ ਹਨ। ਵੱਡੀ ਬੇਟੀ ਦਾ ਵਿਆਹ ਕੀਤਾ ਹੋਇਆ ਹੈ ਅਤੇ ਉਹ ਪੰਜ ਮਹੀਨੇ ਦੀ ਗਰਭਵਤੀ ਹੈ। ਘਟਨਾ ਵਾਲੇ ਦਿਨ ਉਸਦ ੀ ਬੇਟੀ ਵੀ ਘਰ ਹੀ ਸੀ। ਕਲੱਬ ਮੈਂਬਰਾਂ ਨੇ ਮੇਰੀ ਗਰਭਵਤੀ ਬੇਟੀ ਦੀ ਵੀ ਕੁੱਟਮਾਰ ਕੀਤੀ ਗਈ। ਉਸਨੇ ਆਪਣੀ ਬੇਟੀ ਨੂੰ ਵੀ ਨਜ਼ਦੀਕੀ ਹਸਪਤਾਲ ਦਾਖ਼ਲ ਕਰਵਾਇਆ ਸੀ ਪਰ ਪੁਲਿਸ ਨੇ ਉਸਦੀ ਲੜਕੀ ਦੇ ਬਿਆਨ ਤਕ ਦਰਜ ਨਹੀਂ ਕੀਤੇ।

ਪਿੰਡ ਸਮਾਧ ਭਾਈ ਵਾਸੀ ਗੁਰਪ੍ਰਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਗੁਆਂਢ 'ਚ ਰਹਿੰਦੀ ਬਲਜੀਤ ਕੌਰ ਦੇ ਨਾਲ ਜਦੋਂ ਥਾਣੇ ਸ਼ਿਕਾਇਤ ਕਰਨ ਗਿਆ ਤਾਂ ਕਲੱਬ ਦੇ ਮੈਂਬਰਾਂ ਨੇ ਉਸਦੀ ਵੀ ਕੁੱਟਮਾਰ ਕੀਤੀ।

====

ਇਨਸਾਫ਼ ਨਾ ਮਿਲਿਆ ਤਾਂ ਜਾਵਾਂਗੀ ਕੋਰਟ

ਪੀੜਤਾ ਨੇ ਕਿਹਾ ਕਿ ਜੇਕਰ ਉਸ ਦਾ ਪਤੀ ਕੋਈ ਗ਼ਲਤ ਕੰਮ ਕਰਦਾ ਹੈ ਤਾਂ ਇਸ ਦੀ ਸਜ਼ਾ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਕਿਉਂ ਦਿੱਤੀ ਜਾ ਰਹੀ ਹੈ। ਉਸ ਦੇ ਘਰ ਜਿੰਦਰਾ ਲਾਉਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ। ਬਲਜੀਤ ਕੌਰ ਨੇ ਆਖਿਆ ਕਿ ਜੇਕਰ ਉਸ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਕੋਲ ਮਾਮਲਾ ਲਿਆਉਣ ਤੋਂ ਬਾਅਦ ਕੋਰਟ ਦਾ ਸਹਾਰਾ ਲਵੇਗੀ।

====

ਅਸੀਂ ਤਾਂ ਪਰਿਵਾਰ ਦੇ ਨਾਲ ਹਾਂ : ਥਾਣਾ ਮੁਖੀ

ਥਾਣਾ ਬਾਘਾਪੁਰਾਣਾ ਦੇ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ। ਜਿਸ ਦੇ ਚਲਦੇ ਉਹ ਪਰਿਵਾਰ ਦੀ ਹਰ ਸੰਭਵ ਮੱਦਦ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਪਿੰਡ ਦੇ ਕੁਝ ਲੋਕ ਉਕਤ ਅੌਰਤ ਕੋਲ ਆਉਣ ਵਾਲੇ ਇਕ ਵਿਅਕਤੀ ਤੋਂ ਪਰੇਸ਼ਾਨ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅੌਰਤ ਦੇ ਘਰ ਨੂੰ ਤਾਲਾ ਪਿੰਡ ਵਾਸੀਆਂ ਨੇ ਨਹੀਂ ਬਲਕਿ ਅੌਰਤ ਨੇ ਖ਼ੁਦ ਲਾਇਆ ਹੈ।

====

ਮਾਮਲੇ ਨੂੰ ਹੱਲ ਕਰਵਾਉਣ ਦਾ ਯਤਨ ਕਰਾਂਗਾ : ਸਰਪੰਚ

ਇਸ ਸਬੰਧੀ ਪਿੰਡ ਸਮਾਧ ਭਾਈ ਦੇ ਸਰਪੰਚ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਕਲੱਬ ਨੂੰ ਸ਼ੱਕ ਹੈ ਕਿ ਉਕਤ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਹਨ। ਜਿਸ ਦੇ ਚਲਦੇ ਕਲੱਬ ਮੈਂਬਰਾਂ ਨੇ ਉਕਤ ਪਰਿਵਾਰ ਦਾ ਵਿਰੋਧ ਕੀਤਾ ਹੈ। ਉਹ ਇਸ ਮਾਮਲੇ ਨੂੰ ਹੱਲ ਕਰਵਾਉਣ ਲਈ ਕਲੱਬ ਮੈਂਬਰਾਂ ਨਾਲ ਗੱਲਬਾਤ ਕਰਨਗੇ।

=====

ਅੌਰਤ ਨਾਲ ਕਿਸੇ ਤਰ੍ਹਾਂ ਦੀ ਕੁੱਟਮਾਰ ਨਹੀਂ ਕੀਤੀ ਗਈ : ਕਲੱਬ ਮੈਂਬਰ

ਇਸ ਸਬੰਧੀ ਕਲੱਬ ਮੈਂਬਰ ਹਰਪ੍ਰਰੀਤ ਸਿੰਘ ਦਾ ਕਹਿਣਾ ਹੈ ਕਿ ਉਕਤ ਅੌਰਤ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਇਕ ਵਿਅਕਤੀ ਦਾ ਸਾਥ ਦਿੰਦੀ ਹੈ। ਜਿਸ ਦੇ ਚਲਦੇ ਉਹ ਉਕਤ ਅੌਰਤ ਦਾ ਵਿਰੋਧ ਕਰਦੇ ਹਨ। ਨਸ਼ੇ ਦਾ ਕਾਰੋਬਾਰ ਕਰਨ ਨੂੰ ਲੈ ਕੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਬੇਦਖ਼ਲ ਕੀਤਾ ਹੈ। ਉਹ ਪਿੰਡ 'ਚ ਨਸ਼ੇ ਦਾ ਕਾਰੋਬਾਰ ਨਹੀਂ ਹੋਣ ਦੇਣਗੇ। ਉਨ੍ਹਾਂ ਅੌਰਤ ਵੱਲੋਂ ਕੁੱਟਮਾਰ ਦੇ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਕਲੱਬ ਮੈਂਬਰਾਂ ਵੱਲੋਂ ਅੌਰਤ ਨਾਲ ਕਿਸੇ ਤਰ੍ਹਾਂ ਦੀ ਕੁੱਟਮਾਰ ਨਹੀਂ ਕੀਤੀ ਗਈ ਹੈ।