ਸਵਰਨ ਗੁਲਾਟੀ, ਮੋਗਾ : ਥਾਣਾ ਸਿਟੀ ਸਾਊਥ ਦੇ ਅਧੀਨ ਪੈਂਦੇ ਇਕ ਇਲਾਕੇ ਦੀ ਔਰਤ ਨੂੰ ਇਕ ਵਿਅਕਤੀ ਆਪਣੀ ਪਤਨੀ ਤੇ ਇਕ ਹੋਰ ਵਿਅਕਤੀ ਨਾਲ ਮਿਲ ਕੇ ਵਿਦੇਸ਼ ਲੈ ਜਾਣ ਬਹਾਨੇ ਉਸ ਦਾ ਵਿਦੇਸ਼ੀ ਮੈਡੀਕਲ ਬਣਾਉਣ ਲਈ ਆਪਣੇ ਨਾਲ ਲਿਜਾ ਕੇ ਲਗਾਤਾਰ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਇਕ ਔਰਤ ਸਮੇਤ ਤਿੰਨ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਮਹਿਲਾ ਇੰਸਪੈਕਟਰ ਕਰਮਜੀਤ ਕੌਰ ਨੇ ਦੱਸਿਆ ਕਿ ਪੀੜਤ ਔਰਤ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਉਸ ਦਾ ਵਿਆਹ ਕਰੀਬ ਪੰਜ ਸਾਲ ਪਹਿਲਾ ਗੁਰਮੇਲ ਸਿੰਘ ਨਾਲ ਹੋਇਆ ਸੀ।

ਉਸ ਦੇ ਪੇਕੇ ਪਿੰਡ ਦੇ ਰਹਿਣ ਵਾਲੇ ਵਿਅਕਤੀ ਸੰਤ ਰਾਮ ਨੇ ਉਸਨੂੰ ਕਿਹਾ ਕਿ ਰਣਜੀਤ ਸਿੰਘ ਪੁੱਤਰ ਪਰਗਨ ਸਿੰਘ ਵਾਸੀ ਉਪਲਾ ਜ਼ਿਲ੍ਹਾ ਜਲੰਧਰ ਜੋਕਿ ਉਸ ਦਾ ਚੰਗਾ ਮਿੱਤਰ ਹੈ ਤੇ ਉਹ ਉਸ ਨੂੰ ਵਿਦੇਸ਼ ਆਪਣੇ ਨਾਲ ਲੈ ਜਾਵੇਗਾ ਤੇ ਉਹ ਉਸ ਦੀਆਂ ਗੱਲਾਂ ਵਿਚ ਆ ਗਈ। ਉਸ ਨੇ ਕਿਹਾ ਕਿ ਰਣਜੀਤ ਸਿੰਘ 3 ਅਪ੍ਰੈਲ ਨੂੰ ਉਸ ਦਾ ਮੈਡੀਕਲ ਕਰਵਾਉਣ ਦਾ ਬਹਾਨਾ ਬਣਾ ਕੇ ਆਪਣੇ ਨਾਲ ਪਿੰਡ ਸ਼ੇਰਪੁਰ ਦੋਨਾ ਜ਼ਿਲ੍ਹਾ ਜਲੰਧਰ ਵਿਖੇ ਲੈ ਗਿਆ ਜਿੱਥੇ ਉਸ ਨੂੰ 1 ਮਹੀਨਾ 10 ਦਿਨ ਰੱਖਿਆ ਅਤੇ ਉਸ ਦੀ ਮਰਜ਼ੀ ਖਿਲਾਫ਼ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਉਸ ਨੇ ਕਿਹਾ ਕਿ ਇਸ ਸਾਜ਼ਿਸ਼ ਵਿਚ ਮੁਲਜ਼ਮ ਰਣਜੀਤ ਸਿੰਘ ਦੀ ਪਤਨੀ ਅਮਨਦੀਪ ਕੌਰ ਵੀ ਸ਼ਾਮਿਲ ਹੈ। ਪੁਲਿਸ ਨੇ ਪੀੜਤਾ ਦੇ ਬਿਆਨ ਲੈ ਕੇ ਰਣਜੀਤ ਸਿੰਘ, ਸੰਤ ਰਾਮ ਅਤੇ ਅਮਨਦੀਪ ਕੌਰ ਦੇ ਖਿਲਾਫ਼ ਥਾਣਾ ਸਿਟੀ ਸਾਊਥ ਵਿਚ ਮਾਮਲਾ ਦਰਜ ਕਰ ਲਿਆ ਹੈ।

Posted By: Seema Anand