ਵਿਕਰਾਂਤ ਸ਼ਰਮਾ, ਸਮਾਲਸਰ : ਪੰਜਾਬੀਓ ਏਜੰਟਾਂ ਦੇ ਧੋਖੇ 'ਚ ਆ ਕੇ ਆਪਣੀਆਂ ਧੀਆਂ ਭੈਣਾਂ ਨੂੰ ਅਰਬ ਦੇਸ਼ਾਂ 'ਚ ਨਾ ਭੇਜੋ। ਇੱਥੇ ਉਨ੍ਹਾਂ ਦੇ ਕਰਨ ਲਈ ਕੋਈ ਕੰਮ ਨਹੀਂ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੁਵੈਤ 'ਚ ਲੰਮੇ ਸਮੇਂ ਤੋਂ ਕੰਮ ਕਰਦੇ ਹੋਏ ਸਮਾਜ ਸੇਵੀ ਨੌਜਵਾਨ ਜੱਸੀ ਰਾਏਪੁਰੀਆ ਨੇ ਕੀਤਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਧੋਖੇਬਾਜ਼ ਏਜੰਟ ਪੰਜਾਬੀਆਂ ਦੀਆਂ ਗਰੀਬ ਧੀਆਂ ਨੂੰ ਵੱਡੇ-ਵੱਡੇ ਸ਼ਾਜਬਾਗ ਦਿਖਾ ਕੇ ਅਰਬ ਦੇਸ਼ਾਂ 'ਚ ਇਹ ਕਹਿ ਕੇ ਭੇਜ ਦਿੰਦੇ ਹਨ ਕਿ ਉੱਥੇ ਬਿਊਟੀ ਪਾਰਲਰ ਜਾਂ ਫੂਡ ਪੈਕਿੰਗ ਕੰਪਨੀ 'ਚ ਕੰਮ ਦਿੱਤਾ ਜਾਵੇਗਾ ਪਰ ਇੱਥੇ ਅਜਿਹਾ ਕੁਝ ਵੀ ਨਹੀਂ ਹੈ। ਇੱਥੇ ਲੜਕੀਆਂ ਨੂੰ ਏਜੰਟ ਧੋਖੇ ਨਾਲ ਲੈ ਜਾ ਕੇ ਵੇਚ ਦਿੰਦੇ ਹਨ ਤੇ ਅਮੀਰ ਘਰਾਂ ਦੇ ਸ਼ੇਖ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਤਾਂ ਕਰਦੇ ਹੀ ਹਨ, ਨਾਲ ਹੀ ਗੁਲਾਮਾਂ ਵਾਲੀ ਜ਼ਿੰਦਗੀ ਬਤੀਤ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਤੋਂ ਜਬਰਦਸਤੀ ਘਰਾਂ ਦਾ ਕੰਮ ਕਰਵਾਇਆ ਜਾਂਦਾ ਹੈ।

ਇਸ ਦੀ ਉਦਾਹਰਨ ਹੈ ਉਨ੍ਹਾਂ ਵੱਲੋਂ ਪੰਜਾਬ ਬਚਾ ਕੇ ਭੇਜੀ ਗਈ ਪੂਜਾ (ਕਲਪਨਿਕ ਨਾਮ) ਨਾਮ ਦੀ ਲੜਕੀ ਜੋ ਕਿ ਧੋਖੇਬਾਜ਼ ਏਜੰਟਾਂ ਰਾਹੀਂ ਕੁਵੈਤ ਲੈ ਜਾ ਕੇ ਇੱਕ ਅਮੀਰਜ਼ਾਦੇ ਨੂੰ ਵੇਚੀ ਗਈ ਸੀ, ਜਿਸ ਦੀ ਉਨ੍ਹਾਂ ਭਿਨਕ ਪੈ ਗਈ ਤੇ ਉਸ ਨੇ ਆਪਣੇ ਸਾਥੀਆਂ ਤੇ ਕੁਵੈਤ 'ਚ ਸਥਿਤ ਭਾਰਤੀ ਅੰਬੈਂਸੀ ਦੇ ਅਧਿਕਾਰੀਆਂ ਦੀ ਮਦਦ ਨਾਲ ਉਸ ਭੈਣ ਨੂੰ ਨਰਕ ਭਰੀ ਜ਼ਿੰਦਗੀ 'ਚੋਂ ਕੱਢ ਕੇ ਵਾਪਸ ਪੰਜਾਬ ਭੇਜਿਆ ਹੈ।

ਜੱਸੀ ਰਾਏਪੁਰੀਆ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਚੰਦ ਪੈਸਿਆਂ ਦੇ ਲਾਲਚ 'ਚ ਆ ਕੇ ਆਪਣੀਆਂ ਧੀਆਂ ਦੀ ਇੱਜ਼ਤ ਦਾਅ ਤੇ ਨਾ ਲਾਉਣ ਅਤੇ ਉਨ੍ਹਾਂ ਨੂੰ ਅਰਬ ਦੇਸ਼ਾਂ 'ਚ ਨਾ ਭੇਜਣ। ਇਸ ਮੌਕੇ 'ਤੇ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਧੋਖੇਬਾਜ਼ ਏਜੰਟਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ ਜੋ ਕਿ ਪੈਸਿਆਂ ਦੇ ਲਾਲਚ 'ਚ ਲੋਕਾਂ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਨਾਲ ਖਿਲਵਾੜ ਕਰਦੇ ਹਨ।

Posted By: Amita Verma