ਸਵਰਨ ਗੁਲਾਟੀ, ਮੋਗਾ : ਥਾਣਾ ਸਦਰ ਅਧੀਨ ਆਉਂਦੇ ਇਕ ਪਿੰਡ ਵਿਚ ਵਿਅਕਤੀ ਵੱਲੋਂ ਪਤਨੀ ਦੀ ਮਰਜ਼ੀ ਤੋਂ ਬਿਨਾਂ ਉਸ ਨਾਲ ਗ਼ੈਰ ਕੁਦਰਤੀ ਢੰਗ ਨਾਲ ਸਰੀਰਕ ਸਬੰਧ ਬਣਾਏ ਗਏ। ਪਤਨੀ ਨੇ ਜਦੋਂ ਵਿਰੋਧ ਕੀਤਾ ਤਾਂ ਉਸ ਦੀ ਕੁੱਟਮਾਰ ਕੀਤੀ ਗਈ। ਥਾਣਾ ਸਦਰ ਦੀ ਮਹਿਲਾ ਐੱਸਆਈ ਕਰਮਜੀਤ ਕੌਰ ਨੇ ਦੱਸਿਆ ਕਿ ਇਲਾਕੇ ਦੇ ਇਕ ਪਿੰਡ ਦੀ ਔਰਤ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਉਸ ਦਾ ਪਤੀ ਇੰਦਰਜੀਤ ਸਿੰਘ ਉਸ ਦੀ ਮਰਜ਼ੀ ਖ਼ਿਲਾਫ਼ ਗ਼ੈਰ ਕੁਦਰਤੀ ਢੰਗ ਨਾਲ ਸਰੀਰਕ ਸਬੰਧ ਬਣਾਉਂਦਾ ਹੈ ਅਤੇ ਉਸ ਦੀ ਸੱਸ ਚਰਨਜੀਤ ਕੌਰ ਦੀ ਸ਼ਹਿ 'ਤੇ ਉਸ ਦੀ ਕੁੱਟਮਾਰ ਕਰਦਾ ਹੈ।

19 ਜਨਵਰੀ ਨੂੰ ਵੀ ਉਸ ਦੇ ਪਤੀ ਨੇ ਉਸ ਨਾਲ ਗ਼ੈਰ ਕੁਦਰਤੀ ਢੰਗ ਨਾਲ ਸਰੀਰਕ ਸਬੰਧ ਬਣਾਏ ਤੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਪਤੀ ਨੇ ਉਸ ਦੀ ਕੁੱਟਮਾਰ ਕੀਤੀ। ਪੀੜਤਾ ਨੂੰ ਇਲਾਜ ਲਈ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਵਿਚ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਜ਼ਖ਼ਮੀ ਔਰਤ ਦੇ ਬਿਆਨ ਲੈਣ ਤੋਂ ਬਾਅਦ ਪਤੀ ਇੰਦਰਜੀਤ ਸਿੰਘ ਅਤੇ ਸੱਸ ਚਰਨਜੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।