ਸਵਰਨ ਗੁਲਾਟੀ, ਮੋਗਾ : ਲੁਧਿਆਣਾ ਦੇ ਹੋਟਲ ਮਾਲਕ ਦੇ ਬੱਚੇ ਨੂੰ ਅਗਵਾ ਕਰਨ ਵਾਲੇ ਮਾਸਟਰ ਮਾਈਂਡ ਡਰਾਈਵਰ ਨੂੰ ਉਸ ਦੇ ਸਾਥੀ ਨੂੰ ਥਾਣਾ ਸਦਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਗ੍ਰਿਫ਼ਤਾਰ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੁੱਖ ਮੁਲਜ਼ਮ ਡਰਾਈਵਰ ਹਰਜਿੰਦਰਪਾਲ ਸਿੰਘ ਵਾਸੀ ਪਿੰਡ ਝੋਟੀਆਂ ਵਾਲੀ ਅਤੇ ਉਸ ਦਾ ਸਾਥੀ ਸੁਖਦੇਵ ਸਿੰਘ ਸੁੱਖਾ ਵਾਸੀ ਅਰਨੀ ਵਾਲਾ (ਫ਼ਾਜ਼ਿਲਕਾ) ਨੂੰ ਥਾਣਾ ਸਦਰ ਪੁਲਿਸ ਨੇ ਸ਼ੁੱਕਰਵਾਰ ਦੀ ਸਵੇਰੇ ਸੂਚਨਾ ਦੇ ਆਧਾਰ 'ਤੇ ਪਿੰਡ ਜੋਗੇਵਾਲਾ ਦੇ ਬੱਸ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ।

ਦੋਵੇਂ ਮੁਲਜ਼ਮ ਮੋਗਾ ਜ਼ਿਲ੍ਹੇ ਤੋਂ ਫ਼ਰਾਰ ਹੋਣ ਦੀ ਫਿਰਾਕ 'ਚ ਸਨ। ਹੁਣ ਤਕ ਉਕਤ ਮਾਮਲੇ 'ਚ ਕੁਲ ਤਿੰਨ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ, ਜਿਸ 'ਚ ਲੁਧਿਆਣਾ ਪੁਲਿਸ ਦੁਆਰਾ ਪਹਿਲਾਂ ਹੀ ਡਰਾਈਵਰ ਹਰਜਿੰਦਰਪਾਲ ਸਿੰਘ ਦੇ ਸਾਥੀ ਸਾਬਕਾ ਸਰਪੰਚ ਰਛਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ ਵੱਡੀ ਮਾਤਰਾ 'ਚ ਅਸਲਾ ਬਰਾਮਦ ਕੀਤਾ ਗਿਆ ਸੀ। ਉਕਤ ਮਾਮਲੇ 'ਚ ਦੋ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ। ਐੱਸਐੱਸਪੀ ਮੁਤਾਬਕ ਗ੍ਰਿਫ਼ਤਾਰ ਕੀਤੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਲੁਧਿਆਣਾ ਦੇ ਹੋਟਲ ਕਾਰੋਬਾਰੀ ਪੰਕਜ ਗੁਪਤਾ ਦੇ ਡਰਾਈਵਰ ਹਰਜਿੰਦਰਪਾਲ ਸਿੰਘ ਨੇ ਆਪਣੇ ਕੁੱਝ ਸਾਥੀਆਂ ਨਾਲ ਯੋਜਨਾ ਬਣਾ ਕੇ ਆਪਣੇ ਮਾਲਕ ਦੇ ਬੇਟੇ ਨੂੰ ਅਗਵਾ ਕਰ ਲਿਆ ਸੀ।

ਇਸ ਦੌਰਾਨ ਮੁਲਜ਼ਮਾਂ ਨੇ ਪੰਕਜ ਗੁਪਤਾ ਨੂੰ ਫੋਨ ਕਰ ਕੇ ਚਾਰ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ, ਜਦ ਪੁਲਿਸ ਨੇ ਬਦਮਾਸ਼ਾਂ ਦੇ ਨੰਬਰ ਟ੍ਰੇਸਿੰਗ 'ਤੇ ਲਗਾਏ ਤਾਂ ਮੁਲਜ਼ਮਾਂ ਦੀ ਲੋਕੇਸ਼ਨ ਮੋਗਾ ਜ਼ਿਲ੍ਹੇ ਦੀ ਨਿਕਲੀ। ਇਸ ਤੋਂ ਬਾਅਦ ਜਦ ਪੁਲਿਸ ਨੇ ਮੁਲਜ਼ਮਾਂ ਦੇ ਰਿਸ਼ਤੇਦਾਰਾਂ 'ਤੇ ਦਬਾਅ ਬਣਾਇਆ ਤਾਂ ਮੁਲਜ਼ਮਾਂ ਨੇ ਬੱਚੇ ਨੂੰ ਪੋਲੋ ਕਾਰ 'ਚ ਮੋਗੇ ਦੇ ਪਿੰਡ ਡਗਰੂ ਨੇੜੇ ਫਾਟਕ 'ਤੇ ਛੱਡ ਦਿੱਤਾ ਸੀ।

Posted By: Jagjit Singh