ਸਵਰਨ ਗੁਲਾਟੀ, ਮੋਗਾ : ਉੱਤਰ ਪ੍ਰਦੇਸ਼ ਤੋਂ ਸਸਤੇ ਭਾਅ ਝੋਨਾ ਖਰੀਦ ਕੇ ਲਿਆਏ ਟਰੱਕ ਨੂੰ ਕਿਸਾਨਾਂ ਨੇ ਰਸਤੇ 'ਚ ਘੇਰ ਲਿਆ। ਬਿੱਲ ਮੰਗਣ 'ਤੇ ਟਰੱਕ ਚਾਲਕ ਵੱਲੋਂ ਬਿਲ ਨਾ ਦਿਖਾਉਣ 'ਤੇ ਗੁੱਸੇ 'ਚ ਆਏ ਕਿਸਾਨਾਂ ਨੇ ਟਰੱਕ ਤੇ ਚਾਲਕ ਪੁਲਿਸ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਟਰੱਕ ਨੂੰ ਕਬਜ਼ੇ 'ਚ ਲੈ ਕੇ ਉਸ ਦੇ ਚਾਲਕ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਰਛਪਾਲ ਸਿੰਘ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜ਼ਿਲ੍ਹਾ ਪ੍ਰਧਾਨ ਸ਼ਿਦਰ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਜਲਾਲਾਬਾਦ ਵੱਲੋਂ ਪੁਲਿਸ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਉਨ੍ਹਾਂ ਨੇ ਕਿਸਾਨਾਂ ਦੇ ਨਾਲ ਜਲਾਲਾਬਾਦ ਪੂਰਬੀ ਵਿਖੇ ਧਰਨਾ ਲਗਾਇਆ ਹੋਇਆ ਸੀ। ਇਸ ਦੌਰਾਨ ਇਕ ਝੋਨੇ ਨਾਲ ਲੱਦੇ ਉੱਤਰ ਪ੍ਰਦੇਸ਼ ਦੇ ਨੰਬਰ ਦੇ ਟਰੱਕ ਨੂੰ ਰੋਕ ਕੇ ਉਸ ਦੇ ਚਾਲਕ ਕੋਲੋਂ ਝੋਨੇ ਦੇ ਬਿਲ ਮੰਗੇ ਗਏ ਪਰ ਉਹ ਨਹੀਂ ਦਿਖਾ ਸਕਿਆ। ਉਨ੍ਹਾਂ ਦੀ ਜੱਥੇਬੰਦੀ ਵੱਲੋਂ ਟਰੱਕ ਤੇ ਉਸ ਦੇ ਚਾਲਕ ਮੌਜਮ ਪੁੱਤਰ ਇਸਤਗਾਰ ਵਾਸੀ ਕਮਾਲਪੁਰ ਜਿਲ੍ਹਾ ਮੁਰਾਦਾਬਾਦ ਉੱਤਰ ਪ੍ਰਦੇਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਇਸ ਦੀ ਸੂਚਨਾ ਥਾਣਾ ਧਰਮਕੋਟ ਪੁਲਿਸ ਨੂੰ ਦਿੱਤੀ। ਮੌਕੇ 'ਤੇ ਪੁੱਜੀ ਪੁਲਿਸ ਨੇ ਟਰੱਕ ਅਤੇ ਉਸ ਦੇ ਚਾਲਕ ਨੂੰ ਕਬਜ਼ੇ 'ਚ ਲੈ ਕੇ ਉਸ ਦੇ ਚਾਲਕ ਮੌਜਮ ਪੁੱਤਰ ਇਸਤਗਾਰ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਮੌਕੇ ਕਿਸਾਨ ਆਗੂ ਸ਼ਿੰਦਰ ਸਿੰਘ ਨੇ ਦੱਸਿਆ ਕਿ ਉਤਰ ਪ੍ਰਦੇਸ਼ ਦੇ ਵਪਾਰੀ ਉੱਤਰ ਪ੍ਰਦੇਸ਼ ਵਿਚ ਘਟੀਆ ਕਿਸਮ ਦਾ ਝੋਨਾ ਸਸਤੇ ਭਾਅ 'ਚ ਖਰੀਦ ਕੇ ਪੰਜਾਬ ਦੀਆਂ ਮੰਡੀਆਂ 'ਚ ਭੇਜ ਕੇ ਮੋਟਾ ਮੁਨਾਫਾ ਕਮਾ ਰਹੇ ਹਨ ਅਤੇ ਪੰਜਾਬ ਦੇ ਕਿਸਾਨਾ ਨੂੰ ਢਾਅ ਲਾ ਰਹੇ ਹਨ ਜੋਕਿ ਕਿਸਾਨ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀ ਕਰਨਗੇ।

Posted By: Seema Anand