ਸਵਰਨ ਗੁਲਾਟੀ, ਮੋਗਾ

ਪੁਰਾਣੀ ਦਾਣਾ ਮੰਡੀ 'ਚ ਸਬਜ਼ੀ ਵੇਚਣ ਵਾਲੇ ਦੁਕਾਨਦਾਰਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਦੋਵੇੋਂ ਪਾਸਿਆਂ ਤੋਂ ਨਾਜਾਇਜ਼ ਢੰਗ ਨਾਲ ਸਰਕਾਰੀ ਸੜਕ 'ਤੇ ਕਬਜ਼ਾ ਕੀਤਾ ਹੋਇਆ ਸੀ। ਇਸ ਕਰਕੇ 100 ਫੁੱਟ ਚੌੜੀ ਸੜਕ ਕੇਵਲ 20 ਫੁੱਟ ਦੀ ਹੋ ਕੇ ਰਹਿ ਗਈ ਸੀ। ਸੜਕ 'ਤੇ ਹਰ ਸਮੇਂ ਜਾਮ ਲੱਗਾ ਰਹਿੰਦਾ ਸੀ, ਜਿਸ ਦੇ ਚਲਦਿਆਂ ਮੰਡੀ ਵਿਚੋਂ ਲੰਘਣ ਵਾਲੇ ਲੋਕਾਂ ਨੂੰ ਭਾਰੀ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਦੇ ਕਦਾਈ ਜਾਮ ਵਿਚੋਂ ਲੰਘਣ ਵਾਲੇ ਲੋਕ ਜਲਦੀ ਲੰਘਣ ਦੀ ਕੋਸ਼ਿਸ਼ ਵਿੱਚ ਲੜਾਈ ਝਗੜਾ ਕਰਦੇ ਆਮ ਦੇਖੇ ਜਾਂਦੇ ਸਨ। ਮੰਡੀ ਵਿਚ ਭਾਰੀ ਜਾਮ ਨੂੰ ਵੇਖਦਿਆਂ ਟਰੈਫਿਕ ਇੰਚਾਰਜ ਐਸਆਈ ਹਰਜੀਤ ਸਿੰਘ ਵੱਲੋਂ ਪੁਲਿਸ ਪਾਰਟੀ ਨੂੰ ਨਾਲ ਲੈਕੇ ਸਬਜ਼ੀ ਮੰਡੀ ਵਿਚ ਸਬਜ਼ੀ ਵੇਚਣ ਵਾਲੇ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ਼ ਕਬਜੇ ਹਟਵਾਏ ਗਏ ਅਤੇ ਨਗਰ ਨਿਗਮ ਵੱਲੋਂ ਦਿੱਤੀ ਗਈ ਜਗ੍ਹਾ 'ਤੇ ਹੀ ਆਪਣੀ ਸਬਜ਼ੀ ਰੱਖ ਕੇ ਵੇਚਣ ਦੀ ਅਪੀਲ ਕੀਤੀ ਗਈ। ਉਹਨਾਂ ਦੁਕਾਨਦਾਰਾਂ ਨੂੰ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਸੰਕਟ ਦੌਰਾਨ ਲੋਕਾਂ ਦੇ ਪਹਿਲਾ ਹੀ ਕੰਮਕਾਰ ਘੱਟ ਗਏ ਹਨ। ਉਹਨਾਂ ਕਿਹਾ ਕਿ ਲੋਕ ਟਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣੇ ਸਮਾਨ ਨੂੰ ਦੁਕਾਨ ਦੀ ਹੱਦ ਅੰਦਰ ਰੱਖਕੇ ਸਮਾਨ ਵੇਚਣ ਅਤੇ ਪੁਲਿਸ ਨਾਲ ਸਹਿਯੋਗ ਕਰਨ। ਟਰੈਫਿਕ ਪੁਲਿਸ ਕਦੇ ਵੀ ਕਿਸੇ ਦੁਕਾਨਦਾਰ ਜਾਂ ਆਮ ਨਾਗਰਿਕ ਨੂੰ ਤੰਗ ਪੇ੍ਸ਼ਾਨ ਨਹੀਂ ਕਰੇਗੀ। ਉਹਨਾਂ ਸ਼ਹਿਰ ਅਤੇ ਪਿੰਡਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਸੀਂ ਆਪਣੀ ਗੱਡੀ ਤੇ ਬਜਾਰ ਵਿਚ ਖਰੀਦਦਾਰੀ ਕਰਨ ਲਈ ਆਉਦੇ ਹੋ ਤਾਂ ਆਪਣੀ ਗੱਡੀ ਨੂੰ ਬਜਾਰ ਵਿਚ ਖੜੀ ਕਰਨ ਦੀ ਬਜਾਏ ਪੁਰਾਣੀ ਦਾਣਾ ਮੰਡੀ 'ਚ ਬਣੀ ਸਰਕਾਰੀ ਪਾਰਕਿੰਗ ਵਿਚ ਖੜੀ ਕਰੋ ਤਾਂ ਕਿ ਬਜਾਰ ਵਿਚੋਂ ਲੰਘਣ ਵਾਲੇ ਲੋਕ ਟਰੈਫਿਕ ਦੇ ਜਾਮ ਤੋਂ ਬਚ ਸਕਣ। ਇਸ ਮੌਕੇ ਉਹਨਾਂ ਨਾਲ ਟਰੈਫਿਕ ਪੁਲਿਸ ਦੇ ਸਹਾਇਕ ਥਾਣੇਦਾਰ ਹਕੀਕਤ ਸਿੰਘ, ਸਹਾਇਕ ਥਾਣੇਦਾਰ ਸੇਵਕ ਸਿੰਘ ਸਮੇਤ ਹੋਰ ਟਰੈਫਿਕ ਪੁਲਿਸ ਦੇ ਮੁਲਾਜਮ ਹਾਜਰ ਸਨ।