ਜੇਐੱਨਐੱਨ, ਮੋਗਾ : ਨਸ਼ਾ ਸਮਗਲਿੰਗ ਦੇ ਕੇਸ ਵਿਚ ਤਿੰਨ ਸਾਲ ਤੋਂ ਗਵਾਹੀ ਤੋਂ ਬਚ ਰਹੇ ਇਕ ਏਐੱਸਆਈ ਅਤੇ ਦੋ ਹੈੱਡ ਕਾਂਸਟੇਬਲਾਂ ਨੂੰ ਆਖਰਕਾਰ ਗ੍ਰਿਫ਼ਤਾਰ ਕਰ ਲਿਆ ਗਿਆ। ਤਿੰਨਾਂ ਨੂੰ 16 ਵਾਰ ਸੰਮਨ ਭੇਜੇ ਗਏ। ਪ੍ਰਾਪਰਟੀ ਅਟੈਚ ਕੀਤੀ ਗਈ।

ਕੇਸ ਵੀ ਦਰਜ ਕੀਤਾ ਪਰ ਉਹ ਗਵਾਹੀ ਦੇਣ ਨਹੀਂ ਆਏ। ਇਸ 'ਤੇ ਹਾਈ ਕੋਰਟ ਨੇ ਐੱਸਐੱਸਪੀ ਮੋਗਾ ਨੂੰ ਅਦਾਲਤ ਦੀ ਹੱਤਕ ਦਾ ਨੋਟਿਸ ਭੇਜਿਆ ਤਾਂ ਪੁਲਿਸ ਨੂੰ ਕਾਰਵਾਈ ਕਰਨੀ ਪਈ। ਤਿੰਨਾਂ ਨੂੰ ਬੁੱਧਵਾਰ ਦੁਪਹਿਰ 12 ਵਜੇ ਅਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਸੋਨੀਆ ਕਿੰਨਰਾਂ ਦੀ ਕੋਰਟ ਵਿਚ ਪੇਸ਼ ਕੀਤਾ ਜਾਣਾ ਸੀ। ਇਸੇ ਮਾਮਲੇ ਵਿਚ ਕੋਰਟ 'ਚ ਤਰੀਕ ਸੀ।

ਉਨ੍ਹਾਂ ਦੇ ਛੁੱਟੀ 'ਤੇ ਹੋਣ ਕਾਰਨ ਪੇਸ਼ੀ ਨਹੀਂ ਹੋਈ। ਇਸ ਵਿਚਕਾਰ ਸਾਥੀ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਕੰਪਲੈਕਸ ਤੋਂ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਡੀਐੱਸਪੀ ਸਿਟੀ ਪਰਮਜੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੂੰ ਕੋਰਟ ਵਿਚ ਪੇਸ਼ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 18 ਅਕਤੂਬਰ ਨੂੰ ਹੋਵੇਗੀ।


ਇਹ ਹੈ ਮਾਮਲਾ

ਥਾਣਾ ਕੋਟ ਈਸੇ ਖਾਂ ਪੁਲਿਸ ਨੇ 2 ਅਪ੍ਰੈਲ 2016 ਨੂੰ ਕਾਕਾ ਸਿੰਘ ਨਿਵਾਸੀ ਮੁਹੱਲਾ ਅੰਗਦਪੁਰਾ ਨੂੰ ਗ੍ਰਿਫ਼ਤਾਰ ਕਰ 260 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਕਾਕਾ ਸਿੰਘ ਨੂੰ ਬਾਅਦ ਵਿਚ ਅਦਾਲਤ ਤੋਂ ਜ਼ਮਾਨਤ ਮਿਲ ਗਈ।

ਜ਼ਮਾਨਤ ਦਾ ਮਾਮਲਾ ਹਾਈ ਕੋਰਟ ਪਹੁੰਚਿਆ ਤਾਂ ਸੁਣਵਾਈ ਵਿਚ ਸਾਹਮਣੇ ਆਇਆ ਕਿ ਐੱਨਡੀਪੀਐੱਸ ਦੇ ਸੰਗੀਨ ਮਾਮਲੇ ਵਿਚ ਗਵਾਹ ਹੈੱਡ ਕਾਂਸਟੇਬਲ ਸਰਵਣ ਸਿੰਘ, ਹੈੱਡ ਕਾਂਸਟੇਬਲ ਕਰਮਜੀਤ ਸਿੰਘ ਅਤੇ ਏਐੱਸਆਈ ਸੁਖਦੇਵ ਸਿੰਘ 16 ਵਾਰ ਸੰਮਨ ਹੋਣ ਦੇ ਬਾਵਜੂਦ ਗਵਾਹੀ ਲਈ ਕੋਰਟ ਨਹੀਂ ਆਏ। ਹਾਈ ਕੋਰਟ ਨੇ 20 ਸਤੰਬਰ ਨੂੰ ਤਿੰਨਾਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੇ ਆਦੇਸ਼ ਦਿੱਤੇ। ਨਾਲ ਹੀ ਸੱਤ ਦਿਨ ਜੇਲ੍ਹ ਵਿਚ ਰੱਖਣ ਲਈ ਵੀ ਕਿਹਾ, ਤਾਂ ਕਿ ਗਵਾਹੀ ਪੂਰੀ ਹੋ ਸਕੇ। ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਤਾਂ ਹਾਈ ਕੋਰਟ ਨੇ ਐੱਸਐੱਸਪੀ ਦੇ ਨਾਂ ਅਦਾਲਤ ਦੀ ਹੱਤਕ ਦਾ ਨੋਟਿਸ ਜਾਰੀ ਕਰ ਦਿੱਤਾ।

Posted By: Jagjit Singh