ਸਵਰਨ ਗੁਲਾਟੀ, ਮੋਗਾ : ਜ਼ਿਲ੍ਹਾ ਸੈਸ਼ਨ ਅਦਾਲਤ ਨੇ ਜਾਅਲੀ ਕਰੰਸੀ ਬਣਾਉਣ ਦੇ ਮਾਮਲੇ 'ਚ ਤਿੰਨ ਦੋਸ਼ੀਆਂ 'ਚੋਂ ਇਕ ਨੂੰ ਦਸ ਸਾਲ ਕੈਦ ਤੇ ਦੋ ਨੂੰ ਸੱਤ-ਸੱਤ ਸਾਲ ਕੈਦ ਦੇ ਹੁਕਮ ਸੁਣਾਏ ਹਨ।

ਜਾਣਕਾਰੀ ਮੁਤਾਬਿਕ ਥਾਣਾ ਮਹਿਣਾ ਪੁਲਿਸ ਨੇ 4 ਅਪ੍ਰੈਲ 2018 ਨੂੰ ਗਸ਼ਤ ਦੌਰਾਨ ਮੁਖ਼ਬਰ ਦੀ ਸੂਚਨਾ 'ਤੇ ਨਾਕਾਬੰਦੀ ਕਰਕੇ ਮਹਿਣਾ ਮੋਗਾ ਜੀਟੀ ਰੋਡ 'ਤੇ ਲਖਵਿੰਦਰ ਸਿੰਘ, ਕੁਲਵੀਰ ਸਿੰਘ ਤੇ ਜਸਵਿੰਦਰ ਸਿੰਘ ਉਰਫ ਜੱਸਾ ਪੁੱਤਰ ਅਜੀਤ ਸਿੰਘ ਤਿੰਨੇ ਭਰਾ ਨੂੰ 44 ਹਜ਼ਾਰ ਜਾਅਲੀ ਕਰੰਸੀ ਸਮੇਤ ਸਾਜ਼ੋ ਸਾਮਾਨ ਗਿ੍ਫ਼ਤਾਰ ਕੀਤਾ ਸੀ ਤੇ ਉਨ੍ਹਾਂ ਖ਼ਿਲਾਫ਼ ਥਾਣਾ ਮਹਿਣਾ 'ਚ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਸੀ। ਅੱਜ ਇਸ ਕੇਸ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਲਖਵਿੰਦਰ ਸਿੰਘ ਉਰਫ ਲੱਖਾ ਨੂੰ ਦਸ ਸਾਲ ਕੈਦ ਤੇ 35 ਹਜ਼ਾਰ ਰੁਪਏ ਜੁਰਮਾਨਾ ਜਦਕਿ ਜਸਵਿੰਦਰ ਸਿੰਘ ਤੇ ਕੁਲਵੀਰ ਸਿੰਘ ਨੂੰ ਸੱਤ ਸੱਤ ਸਾਲ ਕੈਦ ਤੇ ਪੰਦਰਾਂ ਪੰਦਰਾਂ ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ ਹੈ।