ਜੇਐੱਨਐੱਨ, ਮੋਗਾ : ਅੰਮ੍ਰਿਤਸਰ ਜੇਲ੍ਹ ਵਿਚ ਬੰਦ ਗੈਂਗਸਟਰ ਨੇ ਸ਼ਹਿਰ ਦੇ ਇਕ ਵੱਡੇ ਵਪਾਰੀ ਤੋਂ ਫੋਨ ਕਰ ਕੇ ਫਿਰੌਤੀ ਮੰਗੀ ਸੀ। ਫਿਰੌਤੀ ਦੀ ਰਕਮ ਗੈਂਗਸਟਰ ਦੀ ਮਾਂ ਦੋ ਜਣਿਆਂ ਨੂੰ ਨਾਲ ਲੈ ਕੇ ਲੈਣ ਪੁੱਜੀ ਸੀ ਪਰ ਥਾਣਾ ਸਿਟੀ ਪੁਲਿਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਇਕ ਗੱਡੀ (ਪੀਬੀ 05 ਏਕੇ 0844) ਦੇ ਨਾਲ ਹੀ 25 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਮੁਲਜ਼ਮ ਗੈਂਗਸਟਰ ਲੁਧਿਆਣਾ ਵਿਚ ਇਸੇ ਸਾਲ ਫਰਵਰੀ 'ਚ 30 ਕਿੱਲੋ ਸੋਨੇ ਦੀ ਲੁੱਟ ਮਾਮਲੇ ਵਿਚ ਵੀ ਨਾਮਜ਼ਦ ਹੈ।

ਜ਼ਿਕਰਯੋਗ ਹੈ ਕਿ 14 ਜੁਲਾਈ ਨੂੰ ਫਿਰੌਤੀ ਨਾ ਦੇਣ 'ਤੇ ਸ਼ਹਿਰ ਦੇ ਨਿਊ ਟਾਊਨ ਦੇ ਵਪਾਰੀ ਤੇਜਿੰਦਰ ਸਿੰਘ ਪਿੰਕਾ ਦੀ ਹੱਤਿਆ ਤੋਂ ਬਾਅਦ ਪੁਲਿਸ ਗੈਂਗਸਟਰਾਂ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਦੂਜੇ ਪਾਸੇ ਸ਼ਹਿਰ ਦੇ ਵਪਾਰੀਆਂ ਨੂੰ ਫਿਰੌਤੀ ਲਈ ਫੋਨ ਆਉਣ ਦਾ ਸਿਲਸਿਲਾ ਜਾਰੀ ਹੈ।

ਥਾਣਾ ਸਿਟੀ ਦੱਖਣੀ ਦੇ ਮੁਖੀ ਸੰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੁਧਿਆਣਾ ਸੋਨਾ ਲੁੱਟ ਮਾਮਲੇ 'ਚ ਗ੍ਰਿਫ਼ਤਾਰੀ ਤੋਂ ਬਾਅਦ ਨਾਮੀ ਗੈਂਗਸਟਰ ਗਗਨਦੀਪ ਸਿੰਘ ਉਰਫ਼ ਗਗਨ ਜੱਜ ਇਨ੍ਹੀਂ ਦਿਨੀਂ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਹੈ। ਜੇਲ੍ਹ ਤੋਂ ਹੀ ਉਹ ਫੋਨ ਕਰ ਕੇ ਫਿਰੌਤੀ ਮੰਗਦਾ ਹੈ। ਮੋਗਾ ਦੇ ਇਕ ਵਪਾਰੀ ਤੋਂ ਵੀ ਫਿਰੌਤੀ ਮੰਗੀ ਗਈ ਸੀ। ਫਿਰੌਤੀ ਦੀ ਰਕਮ ਲੈਣ ਲਈ ਗੈਂਗਸਟਰ ਦੀ ਮਾਂ ਸਵਰਨਜੀਤ ਕੌਰ ਨਿਵਾਸੀ ਫਿਰੋਜ਼ਪੁਰ ਆਪਣੇ ਨਾਲ ਹਰਪ੍ਰੀਤ ਸਿੰਘ ਨਿਵਾਸੀ ਪਿੰਡ ਭੰਬਾ (ਫਿਰੋਜ਼ਪੁਰ) ਅਤੇ ਅਮਨਦੀਪ ਸਿੰਘ ਪਿੰਡ ਚੂਹੜਚੱਕ ਨੂੰ ਨਾਲ ਲੈ ਕੇ ਪੁੱਜੀ ਸੀ।

ਗੁਪਤ ਸੂਚਨਾ ਦੇ ਆਧਾਰ 'ਤੇ ਮੋਗਾ ਪੁੱਜਦੇ ਹੀ ਥਾਣਾ ਸਾਊਥ ਸਿਟੀ ਪੁਲਿਸ ਨੇ ਬਹੋਨਾ ਚੌਕ ਤੋਂ ਤਿੰਨਾਂ ਨੂੰ ਦਬੋਚ ਲਿਆ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ 'ਤੇ ਲਿਆ ਜਾਵੇਗਾ, ਪੁੱਛਗਿੱਛ ਤੋਂ ਬਾਅਦ ਪੂਰੀ ਜਾਣਕਾਰੀ ਦਿੱਤੀ ਜਾਵੇਗੀ। ਪੁਲਿਸ ਨੇ ਇਸ ਮਾਮਲੇ ਵਿਚ ਛੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਸੰਦੀਪ ਸਿੰਘ ਨੇ ਦੱਸਿਆ ਕਿ ਜਲਦ ਹੀ ਗਗਨ ਜੱਜ ਨੂੰ ਅੰਮ੍ਰਿਤਸਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾਵੇਗਾ।

Posted By: Jagjit Singh