ਲਖਵੀਰ ਸਿੰਘ, ਮੋਗਾ : ਜ਼ਿਲ੍ਹੇ ਦੇ ਪਿੰਡ ਕਪੂਰੇ 'ਚ ਦਿਨ-ਦਿਹਾੜੇ ਲੁਟੇਰੇ ਇਕ ਦਲਿਤ ਪਰਿਵਾਰ ਨਾਲ ਸਬੰਧਤ ਨੌਜਵਾਨ ਨੂੰ ਬੰਧਕ ਬਣਾ ਕੇ ਉਸ ਦੀਆਂ ਮੱਝਾਂ ਛੋਟੇ ਹਾਥੀ 'ਤੇ ਲੱਦ ਕੇ ਫ਼ਰਾਰ ਹੋ ਗਏ। ਇਸ ਸਬੰਧੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਥਾਣਾ ਮੈਹਿਣਾ ਦੇ ਸਹਾਇਕ ਥਾਣੇਦਾਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਜਗਦੀਪ ਸਿੰਘ ਉਰਫ ਲਾਡੀ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਕਪੂਰੇ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ 'ਚ ਕਿਹਾ ਕਿ ਉਹ ਦੁਪਹਿਰ ਮੌਕੇ ਲਗਪਗ 3 ਵਜੇ ਆਪਣੀ ਦੋ ਮੱਝਾਂ ਤੇ ਤਿੰਨ ਕੱਟੀਆਂ ਨੂੰ ਚਰਾਉਂਦਾ ਹੋਇਆ ਪਿੰਡ ਕੋਕਰੀ ਕਲਾਂ ਤੋਂ ਪਿੰਡ ਭਿੰਡਰ ਕਲਾਂ ਵਾਲੇ ਰਸਤੇ ਤੇ ਬੇਅਬਾਦ ਭੱਠੇ ਪਾਸ ਪੁੱਜਾ ਤਾਂ ਇਸ ਦੌਰਾਨ ਇੱਕ ਛੋਟੇ ਹਾਥੀ ਵਹੀਕਲ ਤੇ ਤਿੰਨ ਅਣਪਛਾਤੇ ਨੌਜਵਾਨ ਆਏ ਜਿਨ੍ਹਾਂ ਉਸ ਨੂੰ ਭੱਠੇ 'ਚ ਬਣੇ ਕਮਰੇ ਅੰਦਰ ਬੰਨ੍ਹ ਦਿੱਤਾ ਤੇ ਉਸਦੇ ਸਾਰੇ ਪਸ਼ੂ ਚੋਰੀ ਕਰਕੇ ਫਰਾਰ ਹੋ ਗਏ। ਇਸ ਸਬੰਧੀ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਥਾਣਾ ਮੈਹਿਣਾ ਵਿੱਚ ਮਾਮਲਾ ਦਰਜ ਕਰਕੇ ਉਹਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।