ਸਵਰਨ ਗੁਲਾਟੀ, ਮੋਗਾ : ਦੁਸਹਿਰਾ ਗਰਾਊਂਡ ’ਚ ਬਣੇ ਸੈਂਟਰ ’ਚ ਈਟੀਟੀ ਦੇ ਹੋ ਰਹੇ ਪੇਪਰ ਵਿਚ ਇਕ ਔਰਤ ਨੂੰ ਜਾਅਲੀ ਆਧਾਰ ਕਾਰਡ ਤੇ ਆਈ ਕਾਰਡ ਬਣਾ ਕੇ ਕਿਸੇ ਹੋਰ ਲੜਕੀ ਦੀ ਥਾਂ ’ਤੇ ਪੇਪਰ ਦਿੰਦਿਆਂ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਥਾਣਾ ਸਿਟੀ ਸਾਊਥ ਦੇ ਸਹਾਇਕ ਥਾਣੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਸਿਮਰਜੀਤ ਕੌਰ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਮੋਗਾ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 25 ਮਈ ਨੂੰ ਦੁਸਹਿਰਾ ਗਰਾਊਂਡ ਮੋਗਾ ਵਿਖੇ ਬਣੇ ਸੈਂਟਰ ਵਿਚ ਈਟੀਟੀ ਦਾ ਪੇਪਰ ਹੋ ਰਿਹਾ ਸੀ। ਜਦੋਂ ਪੇਪਰ ਦੇਣ ਆਏ ਲੜਕੇ-ਲੜਕੀਆਂ ਦੇ ਦਸਤਾਵੇਜ਼ ਚੈੱਕ ਕੀਤੇ ਗਏ ਤਾਂ ਪਤਾ ਲੱਗਾ ਕਿ ਕਿਰਨਾ ਰਾਣੀ ਵਾਸੀ ਫਾਜਿਲਕਾ ਜਿਸ ਨੇ ਜਾਅਲੀ ਆਧਾਰ ਕਾਰਡ ਤੇ ਆਈ ਕਾਰਡ ਬਣਾ ਕੇ ਕੁਲਵਿੰਦਰ ਕੌਰ ਦੀ ਜਗ੍ਹਾ ’ਤੇ ਬੈਠ ਕੇ ਪੇਪਰ ਦੇ ਰਹੀ ਹੈ। ਉਨ੍ਹਾਂ ਨੇ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਮੌਕੇ ’ਤੇ ਹੀ ਪੇਪਰ ਦੇ ਰਹੀ ਔਰਤ ਕਿਰਨਾ ਰਾਣੀ ਵਾਸੀ ਜ਼ਿਲ੍ਹਾ ਫਾਜਿਲਕਾ ਨੂੰ ਮੌਕੇ ’ਤੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਪੇਪਰ ਦਿਵਾਉਣ ਵਾਲੀ ਲੜਕੀ ਕੁਲਵਿੰਦਰ ਕੌਰ ਵਾਸੀ ਫਾਜਿਲਕਾ ਖਿਲਾਫ਼ ਵੀ ਮਾਮਲਾ ਦਰਜ ਕਰ ਲਿਆ ਹੈ। ਸਹਾਇਕ ਥਾਣੇਦਾਰ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੇਪਰ ਦੇਣ ਵਾਲੀ ਔਰਤ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Posted By: Shubham Kumar