ਵਕੀਲ ਮਹਿਰੋਂ, ਮੋਗਾ

ਵਿਸ਼ਵ ਭਰ ਵਿੱਚ ਫੈਲੀ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਦੀ ਮੁਹਿੰਮ ਪੂਰੇ ਜ਼ੋਰਾਂ ਉੱਤੇ ਜਾਰੀ ਹੈ। ਭਾਰਤ ਸਰਕਾਰ ਦੀਆਂ ਹਦਾਇਤਾਂ ਉੱਤੇ ਪੰਜਾਬ ਵਿੱਚ ਵੀ 45 ਸਾਲ ਤੋਂ ਉੱਪਰ ਉਮਰ ਵਾਲੇ ਹਰੇਕ ਵਿਅਕਤੀ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਟੀਕਾਕਰਨ ਨੂੰ ਜਿੱਥੇ ਪੜ੍ਹੇ ਲਿਖੇ ਅਤੇ ਸੂਝਵਾਨ ਲੋਕਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਉਥੇ ਹੀ ਅਗਿਆਨਤਾ ਦੇ ਪ੍ਰਭਾਵ ਹੇਠ ਕੁਝ ਲੋਕ ਇਸ ਟੀਕਾਕਰਨ ਬਾਰੇ ਵਹਿਮ ਭਰਮ ਅਤੇ ਭੁਲੇਖ਼ੇ ਪੈਦਾ ਕਰ ਰਹੇ ਹਨ। ਅਜਿਹੇ ਮੌਕੇ ਜਿਲ੍ਹੇ ਅੰਦਰ ਪੈਂਦੇ ਪਿੰਡ ਸਲੀਣਾ ਦੇ ਲੋਕ ਕੋਰੋਨਾ ਨੂੰ ਹਰਾਉਣ ਵਿੱਚ ਮਿਸਾਲ ਬਣ ਕੇ ਉਭਰ ਰਹੇ ਹਨ।

ਕਮਿਊਨਿਟੀ ਹੈਲਥ ਸੈਂਟਰ ਡਰੋਲੀ ਭਾਈ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਇੰਦਰਵੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੀ ਸੂਝਵਾਨ ਸਰਪੰਚ ਮਨਿੰਦਰ ਕੌਰ ਤੇ ਪੰਚਾਇਤ ਦੇ ਉੱਦਮ ਕਾਰਨ ਅੱਜ ਪਿੰਡ ਸਲ੍ਹੀਣਾ ਵਿਖੇ ਸਿਹਤ ਵਿਭਾਗ ਵੱਲੋਂ ਟੀਕਾਕਰਨ ਦਾ ਕੈਂਪ ਲਗਾਇਆ ਗਿਆ, ਜਿਸ ਵਿੱਚ ਇੱਕੋ ਦਿਨ ਪਿੰਡ ਦੇ 45 ਸਾਲ ਤੋਂ ਉਪਰ ਉਮਰ ਦੇ 90 ਵਿਅਕਤੀਆਂ ਨੇ ਟੀਕਾਕਰਨ ਕਰਵਾਇਆ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਪਿੰਡ ਦੇ 250 ਵਿਅਕਤੀਆਂ ਨੇ ਖੁਸ਼ੀ ਖੁਸ਼ੀ ਟੀਕਾਕਰਨ ਕਰਵਾਇਆ ਸੀ ਅਤੇ ਸੋਮਵਾਰ ਨੂੰ ਕੁੱਲ 360 ਪਹੁੰਚ ਗਈ ਹੈ। ਡਾ. ਗਿੱਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕੋਰੋਨਾ ਦੇ ਸੈਂਪਲ ਲੈਣ ਦੀ ਮੁਹਿੰਮ ਦੌਰਾਨ ਵੀ ਪਿੰਡ ਵਾਸੀਆਂ ਨੇ ਬਹੁਤ ਉਤਸ਼ਾਹ ਨਾਲ ਸਿਹਤ ਵਿਭਾਗ ਦਾ ਸਹਿਯੋਗ ਕੀਤਾ ਸੀ। ਇਸ ਮੌਕੇ ਸਰਪੰਚ ਮਨਿੰਦਰ ਕੌਰ ਨੇ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਰੋਨਾਂ ਮਹਾਮਾਰੀ ਦੀ ਭਿਆਨਕ ਬਿਮਾਰੀ ਹੈ। ਉਨਾਂ੍ਹ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫਰੀ ਕੋਰੋਨਾ ਵੈਕਸਿਨ ਲਗਾਉਣ ਦੀ ਮੁਹਿੰਮ ਕਾਫੀ ਸਮੇਂ ਤੋਂ ਸੁਰੂ ਕੀਤੀ ਜਾ ਚੁੱਕੀ ਹੈ ਪਰ ਪੰਜਾਬ ਦੇ ਲੋਕ ਦੋ ਚਿੱਤੀ ਦੇ ਵਿੱਚ ਫਸ ਕੇ ਇਹ ਵੈਕਸੀਨ ਲਗਾਉਣ ਤੋਂ ਕੰਨੀ ਕਤਰਾਉਂਦੇ ਨਜ਼ਰ ਆਉਦੇ ਹਨ ਜਦਕਿ ਇਹ ਵੈਕਸੀਨ ਲਗਵਾਉਣੀ ਸਭ ਲਈ ਅਤਿ ਜ਼ਰੂਰੀ ਹੈ। ਇਸ ਲਈ ਨਾ ਘਬਰਾਓ ਕੋਰੋਨਾ ਵੈਕਸੀਨ ਲਗਵਾਓ। ਉਨਾਂ੍ਹ ਕਿਹਾ ਕਿ ਇਹ ਵੈਕਸੀਨ ਕੋਰੋਨਾ ਵਰਗੀ ਭਿਆਨਕ ਮਹਾਂਮਾਰੀ ਤੋਂ ਬਚਣ ਦੇ ਲਈ ਤਿਆਰ ਕੀਤੀ ਗਈ ਹੈ, ਇਸ ਲਈ ਅਫਵਾਹਾਂ ਤੋਂ ਬਚ ਕੇ ਇਹ ਵੈਕਸੀਨ ਲਗਵਾ ਕੇ ਆਪਣੇ ਆਪ ਨੂੰ ਸੁਰੱਖਿਅਤ ਕਰੋ ਅਤੇ ਆਪਣੇ ਆਸ ਪਾਸ ਦੇ ਲੋਕਾਂ ਨੂੰ ਇਹ ਵੈਕਸੀਨ ਲਗਵਾਉਣ ਲਈ ਵੱਧ ਤੋਂ ਵੱਧ ਜਾਗਰੂਕ ਕਰੋ।