ਜਾਗਰਣ ਸੰਵਾਦਦਾਤਾ, ਮੋਗਾ : ਗੈਂਗਸਟਰ ਲਾਰੈੇਂਸ ਬਿਸਨੋਈ ਦਾ ਕੋਟਕਪੂਰਾ ਦੇ ਕਾਰੋਬਾਰੀ ਕੋਲੋਂ 50 ਲੱਖ ਦਾ ਚੈੱਕ ਮੰਗਣ ਦੇ ਮਾਮਲੇ ਵਿਚ ਪੁਲਿਸ ਨੇ ਅਦਾਲਤ ਤੋਂ 2 ਦਿਨ ਦਾ ਪੁਲਿਸ ਰਿਮਾਂਡ ਲਿਆ ਹੈ। ਲਾਰੇਂਸ ਨੂੰ ਮੋਗਾ ਤੋਂ ਲਿਆ ਕੇ ਫ਼ਰੀਦਕੋਟ ਅਦਾਲਤ ਵਿਚ ਪੇਸ਼ ਕੀਤਾ ਗਿਆ। ਫ਼ਰੀਦਕੋਟ ਜ਼ਿਲ੍ਹੇ ਵਿਚ ਵੀ ਲਾਰੇਂਸ ਖ਼ਿਲਾਫ ਦੋ ਕੇਸ ਦਰਜ ਹਨ।

ਇਨ੍ਹਾਂ ਵਿੱਚੋਂ ਇਕ ਮਾਮਲਾ ਕੋਟਕਪੂਰਾ ਦੇ ਇਕ ਵਪਾਰੀ ਤੋਂ 50 ਲੱਖ ਰੁਪਏ ਦਾ ਚੈੱਕ ਮੰਗਣ ਦਾ ਹੈ, ਜਦੋਂਕਿ ਦੂਜਾ ਮਾਮਲਾ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਪਹਿਲਵਾਨ ਦੇ ਕਤਲ ਨਾਲ ਸਬੰਧਤ ਹੈ। ਗੁਰਲਾਲ ਕਤਲ ਕੇਸ ਵਿਚ ਪੰਜਾਬ ਹਰਿਆਣਾ ਹਾਈਕੋਰਟ ਤੋਂ ਸਟੇਅ ਆਰਡਰ ਹੋਣ ਕਾਰਨ ਫਿਲਹਾਲ ਉਸ ਨੂੰ ਵਪਾਰੀ ਤੋਂ ਚੈੱਕ ਮੰਗਣ ਲਈ ਹੀ ਰਿਮਾਂਡ ’ਤੇ ਲਿਆ ਗਿਆ ਹੈ।

ਮੋਗਾ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਦੇ ਭਰਾ ਸੁਨੀਲ ਧਮੀਜਾ ’ਤੇ ਹੋਏ ਕਾਤਲਾਨਾ ਹਮਲੇ ਦੇ ਦੋਸ਼ੀ ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਮੋਗਾ ਪੁਲਸ ਨੇ 1 ਅਗਸਤ ਨੂੰ ਮੁਕੱਦਮਾ ਨੰਬਰ 209-2021 ਤਹਿਤ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ। ਮੈਡੀਕਲ ਕਰਵਾਉਣ ਤੋਂ ਬਾਅਦ ਲਾਰੇਂਸ ਨੂੰ ਚੀਫ ਜੁਡੀਸ਼ੀਅਲ ਅਫਸਰ ਪ੍ਰੀਤ ਸੁਖੀਜਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਨੂੰ ਲੈ ਕੇ ਅਦਾਲਤ ਨੇ 10 ਦਿਨਾਂ ਦੇ ਰਿਮਾਂਡ ’ਤੇ ਪੁਲਿਸ ਹਵਾਲੇ ਕਰ ਦਿੱਤਾ ਸੀ। ਬਿਸ਼ਨੋਈ ਦਾ ਅੱਜ (ਬੁੱਧਵਾਰ 10 ਅਗਸਤ ਨੂੰ) ਰਿਮਾਂਡ ਖ਼ਤਮ ਹੋ ਗਿਆ, ਜਿਸ ਤੋਂ ਬਾਅਦ ਪੁਲਿਸ ਸਖ਼ਤ ਸੁਰੱਖਿਆ ਪ੍ਰਬੰਧਾਂ ’ਚ ਉਸ ਨੂੰ ਆਪਣੇ ਨਾਲ ਲੈ ਕੇ ਅਦਾਲਤ ਵਿਚ ਪਹੁੰਚੀ, ਜਿੱਥੇ ਉਸ ਨੂੰ ਪੇਸ਼ ਕਰਨ ਦੇ ਨਾਲ ਮੈਡੀਕਲ ਵੀ ਕਰਵਾਇਆ ਗਿਆ। ਇਸ ਤੋਂ ਬਾਅਦ ਲਾਰੇਂਸ ਬਿਸ਼ਨੋਈ ਨੂੰ ਫਰੀਦਕੋਟ ਪੁਲਿਸ ਟ੍ਰਾਂਜਿਟ ਰਿਮਾਂਡ ’ਤੇ ਲੈ ਗਈ।

ਕੀ ਸੀ ਮਾਮਲਾ

1 ਦਸੰਬਰ 2021 ਨੂੰ ਬੇਦੀਨਗਰ ਦਾ ਰਹਿਣ ਵਾਲਾ ਸੁਨੀਲ ਕੁਮਾਰ ਉਰਫ ਸੋਨੂੰ ਧਮੀਜਾ ਆਪਣੇ ਲੜਕੇ ਪ੍ਰਥਮ ਧਮੀਜਾ ਨਾਲ ਨਾਨਕ ਨਗਰੀ ਸਥਿਤ ਇਕ ਫਾਈਨਾਂਸ ਕੰਪਨੀ ਤੋਂ ਬਾਈਕ ’ਤੇ ਘਰ ਆ ਰਿਹਾ ਸੀ। ਇਸ ਦੌਰਾਨ ਦੋ ਨੌਜਵਾਨਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਇਕ ਗੋਲੀ ਪ੍ਰਥਮ ਦੀ ਲੱਤ ਵਿਚ ਲੱਗੀ। ਜਦੋਂ ਸੁਨੀਲ ਕੁਮਾਰ ਨੇ ਬਾਈਕ ਸਵਾਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਦੇ ਸਿਰ ’ਤੇ ਪਿਸਤੌਲ ਦਾ ਬੱਟ ਮਾਰ ਕੇ ਜ਼ਖਮੀ ਕਰ ਦਿੱਤਾ।

ਇਸ ਘਟਨਾ ਦੌਰਾਨ ਕੁਝ ਵਿਅਕਤੀਆਂ ਨੇ ਹਮਲਾਵਰਾਂ ਵਿੱਚੋਂ ਇਕ ਲਾਰੇਂਸ ਬਿਸ਼ਨੋਈ ਗੈਂਗ ਦੇ ਮੋਨੂੰ ਡਾਂਗਰ ਨਾਮਕ ਗੈਂਗਸਟਰ ਨੂੰ ਕਾਬੂ ਕਰ ਲਿਆ ਸੀ, ਜਦੋਂਕਿ ਦੂਜਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਮੋਨੂੰ ਡਾਂਗਰ ਨੇ ਪੁਲਿਸ ਕੋਲ ਕਬੂਲ ਕੀਤਾ ਸੀ ਕਿ ਉਸ ਨੇ ਅਜਿਹਾ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਇਸ਼ਾਰੇ ’ਤੇ ਕੀਤਾ ਸੀ। ਮੋਗਾ ਪੁਲਿਸ ਕੇਸ ਨੰਬਰ 209-2021 ਦੇ ਮਾਮਲੇ ’ਚ ਪੁੱਛਗਿੱਛ ਲਈ ਜੱਗੂ ਭਗਵਾਨਪੁਰੀਆ ਨੂੰ ਅੰਮਿ੍ਰਤਸਰ ਤੋਂ ਟ੍ਰਾਂਜਿਟ ਰਿਮਾਂਡ ’ਤੇ ਲੈ ਕੇ ਅਦਾਲਤ ’ਚ ਪੇਸ਼ ਕਰੇਗੀ।

Posted By: Harjinder Sodhi