ਵਕੀਲ ਮਹਿਰੋਂ, ਮੋਗਾ : ਵੀਰਵਾਰ ਰਾਤ ਪਈ ਬਾਰਿਸ਼ ਨੇ ਨਗਰ ਕੌਂਸਲ ਦੇ ਮੌਨਸੂਨ ਨੂੰ ਲੈ ਕੇ ਪਾਣੀ ਨਿਕਾਸ ਦੇ ਕੀਤੇ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਹਾਲਾਂਕਿ ਬਾਰਿਸ਼ ਆਉਣ ਨਾਲ ਲੋਕਾਂ ਨੂੰ ਪਿਛਲੇ ਦਿਨਾਂ ਤੋਂ ਪੈ ਰਹੀ ਤੇਜ਼ ਗਰਮੀ ਤੋਂ ਕੁੱਝ ਰਾਹਤ ਜ਼ਰੂਰ ਮਿਲੀ ਪਰ ਸ਼ਹਿਰ 'ਚ ਕਈ ਥਾਵਾਂ 'ਤੇ ਪਾਣੀ ਭਰਨ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਵੀ ਝੱਲਣੀ ਪਈ।

ਜ਼ਿਕਰਯੋਗ ਹੈ ਕਿ ਠੰਢੀਆਂ ਹਵਾਵਾਂ ਤੇ ਬਾਰਿਸ਼ ਕਾਰਨ ਜਿੱਥੇ ਮੌਸਮ ਸੁਹਾਵਣਾ ਹੋ ਗਿਆ ਹੈ, ਉੱਥੇ ਹੀ ਸ਼ਹਿਰ ਵਾਸੀਆਂ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ ਹਨ। ਮੋਗਾ-ਫਿਰੋਜ਼ਪੁਰ ਰੋਡ ਤੇ ਬੱਸ ਸਟੈਂਡ ਦੇ ਬਾਹਰ ਅੰਮਿ੍ਤਸਰ ਰੋਡ ਦੇ ਬਿਲਕੁਲ ਸਾਹਮਣੇ ਸੜਕ 'ਤੇ ਪਾਣੀ ਭਰ ਗਿਆ। ਪਾਣੀ ਨਿਕਾਸ ਦੇ ਉਚਿਤ ਪ੍ਰਬੰਧ ਨਾ ਹੋਣ ਕਾਰਨ ਇੱਥੇ ਸੜਕ ਵਿਚਕਾਰ ਖੜੇ੍ਹ ਪਾਣੀ ਵਿਚ ਕਈ ਵਾਹਨ ਖੜੇ੍ਹ ਨਜ਼ਰ ਆਏ ਅਤੇ ਇੱਥੋਂ ਲੰਘਣ ਵਿਚ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਰਾਹਗੀਰ ਹੋਏ ਪਰੇਸ਼ਾਨ

ਇੱਥੋਂ ਲੰਘਣ ਵਾਲੇ ਕਈ ਰਾਹਗੀਰਾਂ ਨੇ ਦੱਸਿਆ ਕਿ ਹਰ ਵਾਰ ਹੀ ਥੋੜ੍ਹਾ ਜਿਹਾ ਮੀਂਹ ਪੈਣ ਨਾਲ ਇਸ ਸੜਕ 'ਤੇ ਇੰਨਾ ਬੁਰਾ ਹਾਲ ਹੋ ਜਾਂਦਾ ਹੈ ਕਿ ਉਨ੍ਹਾਂ ਦੇ ਵ੍ਹੀਕਲ ਅੱਧ ਵਿਚਕਾਰ ਫਸ ਜਾਂਦੇ ਹਨ, ਜਿਸ ਕਾਰਨ ਲੋਕਾਂ ਨੂੰ ਇਸ ਗੰਦੇ ਪਾਣੀ ਵਿਚੋਂ ਹੋ ਕੇ ਹੀ ਲੰਘਣਾ ਪੈਂਦਾ ਹੈ। ਜਦੋਂ ਇਸ ਸਬੰਧੀ ਮੋਗਾ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਵੀ ਸਮੱਸਿਆਵਾਂ ਸ਼ਹਿਰੀਆਂ ਨੂੰ ਆ ਰਹੀਆਂ ਹਨ, ਸਾਡੀ ਕੋਸ਼ਿਸ਼ ਹੈ ਕਿ ਉਨ੍ਹਾਂ ਦਾ ਨਿਪਟਾਰਾ ਛੇਤੀ ਤੋਂ ਛੇਤੀ ਹੋ ਸਕੇ ਤੇ ਉਹ ਲੋਕਾਂ ਦੀ ਸੇਵਾ ਵਿਚ ਹਮੇਸ਼ਾ ਤਤਪਰ ਹਨ।