ਸਵਰਨ ਗੁਲਾਟੀ, ਮੋਗਾ : ਕਸਬਾ ਕੋਟ ਈਸੇ ਖਾਂ ਅਧੀਨ ਪੈਂਦੇ ਪਿੰਡ ਸਿੰਘਪੁਰਾ ਮੁੰਨਣ ਵਿਖੇ ਗੁਰਦੁਆਰਾ ਸਾਹਿਬ ਦੇ ਬਾਹਰ ਖੜੇ੍ਹ ਮੋਟਰਸਾਈਕਲ ਨੂੰ ਚੋਰੀ ਕਰ ਕੇ ਲੈ ਜਾਣ ਦੇ ਦੋਸ਼ 'ਚ ਪੁਲਿਸ ਨੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਥਾਣਾ ਕੋਟ ਈਸੇ ਖਾਂ ਦੇ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਝੰਡੇਆਣਾ ਗਰਬੀ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਉਹ 7 ਅਗਸਤ ਦੀ ਸ਼ਾਮ ਨੂੰ ਆਪਣੇ ਮੋਟਰਸਾਈਕਲ 'ਤੇ ਆਪਣੇ ਸੁਹਰੇ ਘਰ ਪਿੰਡ ਸਿੰਘਪੁਰਾ ਮੁੰਨਣ ਵਿਖੇ ਮਰਗ 'ਤੇ ਆਇਆ ਸੀ ਤੇ ਉਸ ਨੇ ਆਪਣੇ ਮੋਟਰਸਾਈਕਲ ਨੂੰ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਦੇ ਨੇੜੇ ਖੜ੍ਹਾ ਕੀਤਾ ਸੀ। ਜਿੱਥੋਂ ਕੋਈ ਅਣਪਛਾਤਾ ਵਿਅਕਤੀ ਉਸ ਦੇ ਮੋਟਰਸਾਈਕਲ ਨੂੰ ਚੋਰੀ ਕਰ ਕੇ ਲੈ ਗਿਆ। ਜਦੋਂ ਘਟਨਾ ਸਥਾਨ ਦੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰਨ ਤੋਂ ਬਾਅਦ ਪਤਾ ਲੱਗਾ ਕਿ ਉਸ ਦੇ ਮੋਟਰਸਾਈਕਲ ਨੂੰ ਹਰਜਿੰਦਰ ਸਿੰਘ ਉਰਫ ਰਵੀ ਵਾਸੀ ਪਿੰਡ ਉਮਰੀਆਣਾ ਨੇ ਚੋਰੀ ਕੀਤਾ ਹੈ। ਉਨ੍ਹਾਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਮੁਲਜ਼ਮ ਹਰਜਿੰਦਰ ਸਿੰਘ ਨੂੰ ਗਿ੍ਫ਼ਤਾਰ ਕਰ ਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।