ਮਨਪ੍ਰੀਤ ਸਿੰਘ ਮੱਲੇਆਣਾ, ਮੋਗਾ : ਮਾਲਵਾ ਖੇਤਰ ਵਿੱਚ ਵੀਰਵਾਰ ਦੀ ਰਾਤ ਨੂੰ ਵਿਗੜੇ ਮੌਸਮ ਦੇ ਮਜਾਜ ਨੇ ਇਕ ਵਾਰ ਤਾਂ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ।ਸੁੱਕਰਵਾਰ ਦੀ ਸਵੇਰ ਇਕ ਦਮ ਬਦਲੀ ਮੌਸਮ ਦੀ ਕੜਵਾਹਟ ਅਤੇ ਸਵੇਰੇ ਹੋਈ ਹਲਕੀ ਬਾਰਿਸ਼ ਨੇ ਕਣਕ ਦੀ ਸ਼ੁਰੂ ਹੋਈ ਵਾਢੀ ਨੂੰ ਰੋਕ ਕੇ ਰੱਖ ਦਿੱਤਾ।

ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਵੱਲੋਂ ਵੀ ਸੂਬੇ ਭਰ ਦੇ ਕਿਸਾਨਾਂ ਨੂੰ ਇਸ ਅਪੀਲ ਕੀਤੀ ਗਈ ਹੈ ਕਿ ਮੰਡੀਆਂ ਵਿੱਚ ਸੋਸ਼ਲ ਡਿਸਟੈਂਸ ਨੂੰ ਬਰਕਰਾਰ ਰੱਖਦਿਆਂ ਮੰਡੀਆਂ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਕਣਕ ਲਿਆਂਦੀ ਜਾਵੇ। ਪਰ ਮੌਸਮ ਦੇ ਵਿਗੜੇ ਮਜਾਕ ਨੂੰ ਦੇਖਦਿਆਂ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਨੂੰ ਖ਼ਰਾਬ ਹੁੰਦਿਆਂ ਨਹੀਂ ਦੇਖਣਾ ਚਾਹੁੰਦੇ।

ਕਿਸਾਨ ਕਣਕ ਘਰਾਂ 'ਚ ਰੱਖਣ ਲਈ ਮਜ਼ਬੂਰ

ਸੂਬੇ ਦੀ ਕੈਪਟਨ ਸਰਕਾਰ ਵੱਲੋਂ ਕਿਸਾਨਾਂ ਨੂੰ ਅਨਾਜ ਮੰਡੀਆਂ ਵਿੱਚਕਮੇਟੀਕੀ ਪਾਸਾਂ ਜਰੀਏ 50 ਤੋਂ 70 ਮਣ ਕਣਕ ਮੰਡੀਆਂ ਵਿੱਚ ਲਿਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪਰ ਮਾਲਵਾ ਖੇਤਰ ਦੇ ਕਿਸਾਨ ਕਣਕ ਦੀ ਫ਼ਸਲ ਤੇ ਨਿਰਭਰ ਹੋਣ ਕਾਰਨ ਜਿਆਦਾ ਕਣਕ ਦੀ ਫ਼ਸਲ ਹੀ ਬੀਜਦੇ ਹਨ। ਜਿਸ ਕਾਰਨ ਉਨ੍ਹਾਂ ਵੱਲੋਂ ਕਣਕ ਨੂੰ ਆਪਣੇ ਘਰਾਂ ਵਿੱਚ ਰੱਖਣਾ ਮੁਸ਼ਕਲ ਹੀ ਨਹੀਂ ਸਗੋਂ ਖਰਚੇ ਦਾ ਕਾਰਨ ਵੀ ਕਿਹਾ ਜਾ ਰਿਹਾ ਹੈ।

ਕੋਰੋਨਾ ਦੀ ਮਾਰ ਕਾਰਨ ਕਿਸਾਨਾਂ ਤੇ ਦੂਹਰਾ ਪੈ ਸਕਦਾ ਖਰਚਾ

ਪੰਜਾਬੀ ਜਾਗਰਣ ਵਲੋਂ ਇਲਾਕੇ ਦੇ ਕਿਸਾਨਾਂ ਨਾਲ ਕੀਤੀ ਗੱਲਬਾਤ ਦੌਰਾਨ ਕਈ ਤੱਥ ਉਭਰਕੇ ਸਾਹਮਣੇ ਆਏ ਹਨ। ਠੇਕੇ 'ਤੇ ਕਾਸ਼ਤਕਾਰ ਅਤੇ ਛੋਟੇ ਕਿਸਾਨਾਂ ਨੇ ਦੱਸਿਆ ਕਿ ਜਿਹਨਾਂ ਕਿਸਾਨਾਂ ਨੇ ਜ਼ਮੀਨ ਠੇਕੇ 'ਤੇ ਲੈ ਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨਾ ਹੈ ਉਹਨਾਂ ਨੂੰ ਇਸ ਵਾਰ ਦੂਹਰੀ ਮਾਰ ਪਵੇਗੀ। ਥੋੜ੍ਹੀ ਥੋੜ੍ਹੀ ਵਿਕੀ ਕਣਕ ਦੀ ਅਦਾਇਗੀ ਵੀ ਲੇਟ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਜਿਸ ਨਾਲ ਅਗਲੇ ਵਰ੍ਹੇ ਲਈ ਠੇਕੇ 'ਤੇ ਜ਼ਮੀਨ ਲੈਣ ਵਿੱਚ ਵੀ ਕੋਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਜਿਹੜੇ ਛੋਟੇ ਕਿਸਾਨ ਆਪਣੀ ਫਸਲ ਨੂੰ ਸਿਰਫ ਕਰਾਏ ਵਢਾਉਣ ਤੇ ਹੀ ਨਿਰਭਰ ਹਨ ਉਨ੍ਹਾਂ ਕਿਸਾਨਾਂ ਨੂੰ ਇਸ ਵਾਰ ਵੱਧ ਖਰਚੇ ਦਾ ਭਾਰ ਝੱਲਣਾ ਪੈ ਸਕਦਾ ਹੈ। ਬਲਜੀਤ ਸਿੰਘ, ਰਾਮ ਸਿੰਘ, ਬਿੱਕਰ ਸਿੰਘ, ਗੁਰਪ੍ਰੀਤ ਸਿੰਘ ਆਦਿ ਕਿਸਾਨਾਂ ਨੇ ਕੈਪਟਨ ਸਰਕਾਰ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੰਡੀਆਂ ਵਿੱਚ ਕਣਕ ਦੀ ਮਿਕਦਾਰ ਨੂੰ ਵਧਾਇਆ ਜਾਵੇ ਤਾਂ ਜੋ ਛੋਟੇ ਕਿਸਾਨਾਂ ਤੇ ਖਰਚੇ ਦਾ ਭਾਰ ਨਾ ਪਵੇ।

Posted By: Rajnish Kaur