ਸਵਰਨ ਗੁਲਾਟੀ, ਮੋਗਾ : ਸਾਲ 2016 ਵਿਚ ਥਾਣਾ ਬਾਘਾਪੁਰਾਣਾ ਦੇ ਏਰੀਆ ਵਿਚ ਡੇਰਾ ਰਾਧਾ ਸੁਆਮੀ ਸਤਿਸੰਗ ਘਰ ਦੇ ਨੇੜੇ ਬਾਹਦ ਪਿੰਡ ਰਾਜੇਆਣਾ ਵਿਖੇ ਲੇਖਰਾਜ ਸਰਪੰਚ ਪੁੱਤਰ ਨਿਰੰਜਣ ਸਿੰਘ ਵਾਸੀ ਰਾਜੇਆਣਾ ਦੀ ਇਤਲਾਹ 'ਤੇ ਪੁਲਿਸ ਨੇ ਇਕ ਨਾਬਾਲਿਗ ਲੜਕੀ ਦੀ ਲਾਸ਼ ਬਰਾਮਦ ਕੀਤੀ ਸੀ। ਮੌਕੇ ਤੋਂ ਮਿਲੇ ਆਧਾਰ ਕਾਰਡ ਅਤੇ ਸਕੂਲ ਸਰਟੀਫਿਕੇਟ ਦੇ ਆਧਾਰ 'ਤੇ ਪੁਲਿਸ ਨੇ ਥਾਣਾ ਬਾਘਾਪੁਰਾਣਾ ਵਿਖੇ ਮੁਕੱਦਮਾ ਨੰਬਰ 112 ਮਿਤੀ 4 ਜੁਲਾਈ 2016 ਦਰਜ ਰਜਿਸਟਰ ਕਰ ਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ। ਮੁਕੱਦਮੇ ਦੀ ਜਾਂਚ ਅਤੇ ਡਾਕਟਰੀ ਰਿਪੋਰਟ ਤੋਂ ਉਸ ਨਾਬਾਲਿਗ ਲੜਕੀ ਨਾਲ ਜਬਰ ਜਨਾਹ ਅਤੇ ਤਸ਼ੱਦਦ ਦਾ ਖੁਲਾਸਾ ਹੋਇਆ ਸੀ। ਜਿਸ 'ਤੇ ਮੁਕੱਦਮਾ ਵਿਚ ਵਾਧਾ ਜੁਰਮ ਅ/ਧ 376, 364, 376ਡੀ ਭ:ਦ ਅਤੇ 6 ਪੌਕਸੋ ਐਕਟ ਕੀਤਾ। ਦੌਰਾਨੇ ਤਫਤੀਸ਼ ਮੁਕੱਦਮੇ ਵਿਚ ਦਾਰਾ ਸਿੰਘ ਵਾਸੀ ਲਾਲ ਸਿੰਘ ਬਸਤੀ ਬਠਿੰਡਾ, ਗੋਲਡੀ ਵਾਸੀ ਬਠਿੰਡਾ, ਚਰਨਜੀਤ ਸਿੰਘ ਉਰਫ ਚੰਨੀ ਵਾਸੀ ਮੋਗਾ ਹਾਲ ਲਾਲ ਸਿੰਘ ਬਸਤੀ ਬਠਿੰਡਾ ਅਤੇ ਅਜੇ ਕੁਮਾਰ ਗਿੱਲ ਵਾਸੀ ਨੇੜੇ ਸੈਨੇਟਰੀ ਲਾਈਨ ਸ਼ਾਮ ਨਗਰ ਲੁਧਿਆਣਾ ਨੂੰ ਕਥਿਤ ਮੁਲਜ਼ਮ ਵਜੋਂ ਨਾਮਜ਼ਦ ਕਰ ਕੇ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਲਿਆ ਗਿਆ ਸੀ ਅਤੇ ਇਸ ਮੁਕੱਦਮੇ ਦਾ ਚੌਥਾ ਮੁਲਜ਼ਮ ਅਜੈ ਕੁਮਾਰ ਜੋ ਕਿ ਟੈਕਸੀ ਡਰਾਈਵਰ ਵਜੋਂ ਮੋਹਾਲੀ ਅਤੇ ਜਲੰਧਰ ਵਿਚ ਟੈਕਸੀ ਚਲਾਉਂਦਾ ਸੀ, ਜੋ ਉਕਤ ਮਿ੍ਤਕ ਲੜਕੀ ਦਾ ਗੁਆਂਢੀ ਸੀ ਤੇ ਮਿ੍ਤਕ ਲੜਕੀ ਨੂੰ ਘਰੋਂ ਭਜਾ ਕੇ ਦਾਰਾ ਸਿੰਘ ਉਕਤ ਦੇ ਘਰ ਛੱਡ ਆਇਆ ਸੀ।

ਉਸ ਤੋਂ ਬਾਅਦ ਉਕਤਾਨ ਮੁਲਜ਼ਮਾਂ ਨੇ ਮਿ੍ਤਕ ਲੜਕੀ ਨਾਲ ਜਬਰ ਜਨਾਹ ਕਰ ਕੇ ਉਸ ਦੀ ਲਾਸ਼ ਖੁਰਦ ਬੁਰਦ ਕਰ ਦਿੱਤੀ ਸੀ ਅਤੇ ਮੁਲਜ਼ਮ ਅਜੈ ਕੁਮਾਰ ਦੀ ਗਿ੍ਫ਼ਤਾਰੀ ਨਾ ਹੋਣ ਕਰ ਕੇ ਉਸ ਨੂੰ ਮਾਣਯੋਗ ਅਦਾਲਤ ਵੱਲੋਂ ਮਿਤੀ 2 ਮਾਰਚ 2021 ਨੂੰ ਭਗੌੜਾ ਐਲਾਨਿਆ ਗਿਆ ਸੀ, ਜੋ ਹੁਣ ਤਕ ਆਪਣੀ ਗਿ੍ਫ਼ਤਾਰੀ ਤੋਂ ਬਚਦਾ ਆ ਰਿਹਾ ਸੀ ਅਤੇ ਮੁਲਜ਼ਮ ਅਜੇ ਕੁਮਾਰ ਨੂੰ ਮੋਗਾ ਪੁਲਿਸ ਨੇ ਫਰੀਦਕੋਟ ਰੇਂਜ ਸਪੈਸ਼ਲ ਸੈੱਲ ਦੇ ਤਾਲਮੇਲ ਨਾਲ 2 ਅਕਤੂਬਰ 2022 ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ, ਜਿਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ।