ਨਛੱਤਰ ਸਿੰਘ ਭੱਟੀ, ਕਿਸ਼ਨਪੁਰਾ ਕਲਾਂ : ਪੰਜਾਬ 'ਚ ਆਏ ਦਿਨ ਅਵਾਰਾ ਪਸ਼ੂ ਇਨਸਾਨਾਂ ਦੀਆਂ ਕੀਮਤੀ ਜਾਨਾਂ ਨਿਗਲ ਰਹੇ ਹਨ, ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਇਨ੍ਹਾਂ ਅਵਾਰਾ ਪਸ਼ੂਆਂ ਦਾ ਕੋਈ ਵੀ ਠੋਸ ਹੱਲ ਕਰਨ 'ਚ ਸਫ਼ਲ ਸਾਬਤ ਨਹੀਂ ਹੋਈ। ਇਸੇ ਤਰ੍ਹਾਂ ਹੀ ਬੁੱਧਵਾਰ ਦੇਰ ਰਾਤ ਮੋਗਾ ਜ਼ਿਲ੍ਹੇ ਦੇ ਪਿੰਡ ਇੰਦਰਗੜ੍ਹ ਵਿਖੇ ਇਕ ਬਜ਼ੁਰਗ ਕਿਸਾਨ ਨੂੰ ਅਵਾਰਾ ਢੱਠੇ ਨੇ ਆਪਣੀ ਲਪੇਟ 'ਚ ਲੈ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਬਲਕਾਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ (70 ਸਾਲ) ਨਿਵਾਸੀ ਪਿੰਡ ਇੰਦਰਗੜ੍ਹ ਜੋ ਕਿ ਬਾਹਰ ਖੇਤਾਂ 'ਚ ਬਣੇ ਘਰ 'ਚ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ। ਜਦੋਂ ਬਲਕਾਰ ਸਿੰਘ ਦੀ ਨਜ਼ਰ ਘਰ ਨਜ਼ਦੀਕ ਪਸ਼ੂਆਂ ਲਈ ਬੀਜਿਆ ਹਰਾ ਚਾਰਾ ਚਰ ਰਹੇ ਇਕ ਅਵਾਰਾ ਢੱਠੇ 'ਤੇ ਪਈ ਤਾਂ ਉਹ ਉਸ ਨੂੰ ਭਜਾਉਣ ਲਈ ਗਿਆ ਪਰ ਭੂਤਰੇ ਅਵਾਰਾ ਢੱਠੇ ਨੇ ਬਲਕਾਰ ਸਿੰਘ ਨੂੰ ਆਪਣੀ ਲਪੇਟ 'ਚ ਲੈ ਲਿਆ ਤੇ ਸਿੰਗਾਂ ਨਾਲ ਕਈ ਵਾਰ ਕਰਕੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ। ਜਦੋਂ ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਹਸਪਤਾਲ ਲਿਜਾ ਰਹੇ ਸਨ ਤਾਂ ਜ਼ਖ਼ਮੀ ਦੀ ਤਾਬ ਨਾ ਝੱਲਦਿਆਂ ਬਲਕਾਰ ਸਿੰਘ ਰਸਤੇ 'ਚ ਹੀ ਦਮ ਤੋੜ ਗਿਆ। ਘਟਨਾਂ ਦੀ ਸੂਚਨਾਂ ਮਿਲਦਿਆਂ ਹੀ ਕਿਸ਼ਨਪੁਰਾ ਕਲਾਂ ਪੁਲਿਸ ਚੌਂਕੀ ਇੰਚਾਰਜ਼ ਬੂਟਾ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ। ਪੁਲਿਸ ਨੇ ਪੂਰਨ ਸਿੰਘ ਪੁੱਤਰ ਬਲਕਾਰ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾ ਦੇ ਹਵਾਲੇ ਕਰ ਦਿੱਤਾ।

Posted By: Amita Verma