ਜੇਐੱਨਐੱਨ, ਮੋਗਾ : ਵਿਦੇਸ਼ ਜਾਣ ਦੀ ਚਾਹਤ 'ਚ ਪੰਜਾਬ ਦੇ ਸੈਂਕੜੇ ਨੌਜਵਾਨ ਹਰ ਸਾਲ ਕਬੂਤਰਬਾਜ਼ਾਂ ਹੱਥੋਂ ਲੱਖਾਂ ਰੁਪਏ ਲੁਟਾ ਦਿੰਦੇ ਹਨ। ਇਸ ਲਈ ਨਾਜਾਇਜ਼ ਤਰੀਕੇ ਅਪਣਾਉਣ ਤੋਂ ਵੀ ਨਹੀਂ ਝਿਜਕਦੇ। ਫੜੇ ਜਾਣ 'ਤੇ ਕਈ ਵਾਰ ਜੇਲ੍ਹ ਦੀ ਹਵਾ ਖਾਣੀ ਪੈਂਦੀ ਹੈ ਤਾਂ ਕਈ ਵਾਰ ਜਾਨ ਤਕ ਤੋਂ ਹੱਥ ਧੌਣਾ ਪੈਂਦਾ ਹੈ। ਇਸ ਅੰਨ੍ਹੀ ਦੌੜ ਦਰਮਿਆਨ ਅਜਿਹੀਆਂ ਮਿਸਾਲਾਂ ਵੀ ਹਨ ਜਿਨ੍ਹਾਂ ਨੇ ਡਾਲਰ ਤੇ ਚਕਾਚੌਂਧ ਭਰੀ ਜ਼ਿੰਦਗੀ ਠੁਕਰਾ ਕੇ ਆਪਣੀ ਮਿੱਟੀ ਵਿਚ ਸੋਨਾ ਉਗਾਇਆ ਤੇ ਕਾਮਯਾਬੀ ਦੀ ਇਬਾਰਤ ਲਿਖੀ। ਮੋਗਾ ਸ਼ਹਿਰ ਦੇ ਰਾਜਵਿੰਦਰ ਸਿੰਘ ਧਾਲੀਵਾਲ ਵੀ ਅਜਿਹੇ ਲੋਕਾਂ ਵਿਚੋਂ ਇਕ ਹਨ। ਰਾਜਵਿੰਦਰ ਪਹਿਲਾਂ ਅਮਰੀਕਾ ਵਿਚ ਇਕ ਵੱਡੀ ਟਰਾਂਸਪੋਰਟ ਕੰਪਨੀ ਦਾ ਟਰੱਕ ਚਲਾਉਂਦੇ ਸਨ ਪਰ ਉਹ ਹਮੇਸ਼ਾ ਖ਼ੁਦ ਦਾ ਕੰਮ ਕਰਨਾ ਚਾਹੁੰਦੇ ਸਨ ਇਸ ਲਈ ਛੇ ਸਾਲ ਪਹਿਲਾਂ ਨੌਕਰੀ ਛੱਡ ਕੇ ਪਿੰਡ ਲੁਹਾਰਾ ਪਰਤ ਆਏ।

ਆਪਣੀ 22 ਏਕੜ ਜ਼ਮੀਨ ਵਿਚੋਂ ਸੱਤ ਏਕੜ ਵਿਚ ਫਾਰਮ ਬਣਾ ਕੇ ਆਰਗੈਨਿਕ ਖੇਤੀ ਸ਼ੁਰੂ ਕੀਤੀ।

ਰਾਜਵਿੰਦਰ ਚਾਰ ਸਾਲ ਤੋਂ ਫਲ, ਸਬਜ਼ੀਆਂ ਤੇ ਅਨਾਜ ਦੀ ਪੈਦਾਵਾਰ ਕਰ ਰਹੇ ਹਨ। ਮਾਰਕੀਟਿੰਗ ਵੀ ਖ਼ੁਦ ਹੀ ਕਰਦੇ ਹਨ। ਗੰਨਾ ਵੀ ਕਾਸ਼ਤ ਕਰਦੇ ਹਨ ਤੇ ਉਸ ਤੋਂ ਗੁੜ ਤੇ ਸ਼ੱਕਰ ਵੀ ਬਣਾਉਂਦੇ ਹਨ। ਇਸ ਲਈ ਫਾਰਮ ਵਿਚ ਹੀ ਪਲਾਂਟ ਵੀ ਲਾਇਆ ਹੈ। ਆੜੂ, ਕਿੰਨੂ, ਨਿੰਬੂ, ਗੁਲਾਬ, ਬੇਰ ਤੇ ਅੰਗੂਰ ਵੀ ਪੈਦਾ ਕਰਦੇ ਹਨ। ਉਹ ਦੱਸਦੇ ਹਨ ਕਿਹਾ ਕਿ ਹਰ ਦਿਨ ਖੇਤ ਵਿਚ 10 ਤੋਂ 12 ਘੰਟੇ ਕੰਮ ਕਰਦੇ ਹਨ। ਝੋਨੇ ਦੀ ਕਾਸ਼ਤ ਨਹੀਂ ਕਰਦੇ ਕਿਉਂਕਿ ਇਸ ਨਾਲ ਜ਼ਮੀਨ ਹੇਠਲਾ ਪਾਣੀ ਹੇਠਾਂ ਜਾ ਰਿਹਾ ਹੈ।

ਨਹੀਂ ਪਸੰਦ ਆਇਆ ਪਿਜ਼ੇ ਦਾ ਕਾਰੋਬਾਰ

ਸ਼ਹਿਰ ਦੇ ਜ਼ਿੰਮੀਂਦਾਰ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਰਾਜਵਿੰਦਰ ਸਿੰਘ ਧਾਲੀਵਾਲ ਨੇ ਗ੍ਰੈਜੂਏਸ਼ਨ ਤੋਂ ਬਾਅਦ ਟੈਕਸੇਸ਼ਨ ਐਡਵੋਕੇਟ ਵਰਿੰਦਰ ਅਰੋੜਾ ਦੇ ਦਫ਼ਤਰ ਵਿਚ ਨੌਕਰੀ ਕੀਤੀ। ਕੰਮ ਪਸੰਦ ਨਹੀਂ ਆਇਆ ਤਾਂ ਸਾਲ 2000 ਵਿਚ ਕਰਾਊਨ ਪਿਜ਼ਾ ਦੇ ਨਾਂ ਨਾਲ ਆਪਣਾ ਬਰਾਂਡ ਸ਼ੁਰੂ ਕੀਤਾ। ਸ਼ਹਿਰ ਵਿਚ ਤਿੰਨ ਬਰਾਂਚਾਂ ਖੋਲੀਆਂ । ਬਾਅਦ ਵਿਚ ਕਈ ਸ਼ਹਿਰਾਂ ਵਿਚ ਫ੍ਰੈਂਚਾਇਜ਼ੀ ਸ਼ੁਰੂ ਕੀਤੀ। ਕਾਰੋਬਾਰ ਖ਼ੂਬ ਚੱਲ ਪਿਆ ਪਰ ਜ਼ਿੰਦਗੀ ਮਸ਼ੀਨ ਬਣ ਗਈ। ਉਨ੍ਹਾਂ ਨੂੰ ਕਾਰੋਬਾਰੀ ਰੁਝੇਵੇਂ ਚੰਗੇ ਨਹੀਂ ਲੱਗੇ। ਸਿਖਰ 'ਤੇ ਪੁੱਜੇ ਕਾਰੋਬਾਰ ਨੂੰ ਛੱਡ ਕੇ ਪਰਿਵਾਰ ਦੀ ਸਲਾਹ 'ਤੇ ਅਮਰੀਕਾ ਚਲੇ ਗਏ। ਉੱਥੇ ਇਕ ਟਰਾਂਸਪੋਰਟ ਕੰਪਨੀ ਦਾ ਟਰੱਕ ਚਲਾਉਣ ਦਾ ਕੰਮ ਸ਼ੁਰੂ ਕੀਤਾ। ਰਾਜਵਿੰਦਰ ਸਿੰਘ ਦੱਸਦੇ ਹਨ ਕਿ ਉੱਥੇ ਪੈਸਾ ਤਾਂ ਖ਼ੂਬ ਕਮਾਇਆ ਪਰ ਉੱਥੇ ਪੰਜਾਬੀਅਤ ਤੇ ਸੰਸਕਾਰਾਂ ਨੂੰ ਮਰਦਿਆਂ ਦੇਖਿਆ। ਇਸ ਨਾਲ ਮਨ ਦੁਖੀ ਹੋ ਗਿਆ। ਛੇ ਸਾਲ ਅਮਰੀਕਾ ਵਿਚ ਰਹੇ ਤੇ ਫਿਰ ਘਰ ਪਰਤਣ ਦਾ ਫ਼ੈਸਲਾ ਕੀਤਾ। ਇੱਥੇ 22 ਏਕੜ ਜੱਦੀ ਜ਼ਮੀਨ ਠੇਕੇ 'ਤੇ ਸੀ। ਉਨ੍ਹਾਂ ਨੇ ਸੱਤ ਏਕੜ ਵਿਚ ਫਾਰਮ ਤਿਆਰ ਕਰ ਕੇ ਜੈਵਿਕ ਖੇਤੀ ਸ਼ੁਰੂ ਕੀਤੀ।

ਮੰਡੀ 'ਚ ਨਹੀਂ ਮਿਲਿਆ ਮੁੱਲ ਤਾਂ ਫਾਰਮ ਤੋਂ ਸ਼ੁਰੂ ਕੀਤੀ ਸਿੱਧੀ ਵਿਕਰੀ

ਰਾਜਵਿੰਦਰ ਸਿੰਘ ਦੱਸਦੇ ਹਨ ਕਿ ਆਮ ਮੰਡੀਆਂ ਵਿਚ ਉਨ੍ਹਾਂ ਨੂੰ ਆਰਗੈਨਿਕ ਉਤਪਾਦਾਂ ਦੇ ਸਹੀ ਮੁੱਲ ਨਹੀਂ ਮਿਲਦੇ ਸਨ। ਇਸ ਲਈ ਖ਼ੁਦ ਮਾਰਕੀਟਿੰਗ ਦਾ ਫ਼ੈਸਲਾ ਕੀਤਾ। ਫਾਰਮ ਦੀ ਬਰਾਂਡਿੰਗ ਕੀਤੀ। ਅੱਜ ਲੋਕ ਸਿੱਧੇ ਫਾਰਮ 'ਤੇ ਪੁੱਜ ਕੇ ਸਾਮਾਨ ਖ਼ਰੀਦਦੇ ਹਨ। ਇੱਥੇ ਉਨ੍ਹਾਂ ਨੂੰ ਮੁੱਲ ਵੀ ਠੀਕ ਮਿਲਦਾ ਹੈ। ਉਹ ਆਪਣਾ ਖ਼ਰਚ ਆਦਿ ਕੱਢ ਕੇ ਸਾਲ ਵਿਚ ਇਕ ਲੱਖ ਰੁਪਏ ਤਕ ਆਸਾਨੀ ਨਾਲ ਕਮਾ ਲੈਂਦੇ ਹਨ। ਕੁਝ ਸਾਲ ਪਹਿਲਾਂ ਉਨ੍ਹਾਂ ਨੇ ਗੁਲਾਬ ਦੀ ਖੇਤੀ ਸ਼ੁਰੂ ਕੀਤੀ ਤੇ ਹੁਣ ਗੁਲਕੰਦ ਬਣਾਉਂਦੇ ਹਨ। ਇਹ ਕਾਫ਼ੀ ਹਰਮਨਪਿਆਰੀ ਹੋ ਰਹੀ ਹੈ। ਫਾਰਮ ਵਿਚ ਹੀ ਉਨ੍ਹਾਂ ਨੇ ਇਕ ਕੱਚਾ ਘਰ ਬਣਾਇਆ ਹੈ ਜਿਸ ਵਿਚ ਉਨ੍ਹਾਂ ਨੇ ਪੰਜਾਬੀ ਵਿਰਾਸਤ ਨੂੰ ਬਾਖ਼ੂਬੀ ਪੇਸ਼ ਕੀਤਾ ਹੈ।