ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ

ਜ਼ਿਲ੍ਹਾ ਮੈਜਿਸਟੇ੍ਟ ਮੋਗਾ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਕੁਝ ਸਕੂਲ ਮੁੱਖੀਆਂ ਵੱਲੋਂ ਮੇਰੇ ਧਿਆਨ ਵਿੱਚ ਲਿਆਂਦਾ ਹੈ ਕਿ ਉਹਨਾਂ ਦੇ ਸਟਾਫ ਵਿੱਚੋਂ ਕੁਝ ਅਧਿਆਪਕਾ ਵੱਲੋਂ ਅਜੇ ਵੈਕਸੀਨ ਦੀ ਇੱਕ ਹੀ ਡੋਜ਼ ਲਗਵਾਈ ਗਈ ਹੈ, ਜਿਸ ਕਾਰਨ ਉਹ ਇਸ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਹੁਕਮ ਅਨੁਸਾਰ ਸਕੂਲ ਨਹੀਂ ਖੋਲ ਸਕਦੇ। ਇਸ ਲਈ ਉਹਨਾਂ ਵੱਲੋਂ ਇਸ ਸਬੰਧੀ ਬੇਨਤੀ ਕੀਤੀ ਗਈ ਹੈ ਕਿ ਜਦੋਂ ਵੀ ਉਹਨਾਂ ਦੇ ਸਕੂਲ ਸਟਾਫ਼ ਦੀ ਵੈਕਸੀਨ ਦੀ ਦੂਜੀ ਡੋਜ਼ ਡਿਊ ਹੋਵੇਗੀ, ਉਹ ਲਗਵਾ ਕੇ ਇਸ ਦਫ਼ਤਰ ਨੂੰ ਸੂਚਿਤ ਕਰ ਦੇਣਗੇ। ਇਸ ਲਈ ਉਹਨਾਂ ਨੂੰ ਹੁਕਮਾਂ ਵਿੱਚ ਛੋਟ ਦਿੰਦੇ ਹੋਏ ਸਕੂਲ ਖੋਲਣ ਦੀ ਇਜ਼ਾਜਤ ਦਿੱਤੀ ਜਾਵੇ।ਜ਼ਿਲ੍ਹਾ ਮੈਜਿਸਟੇ੍ਟ ਨੇ ਦੱਸਿਆ ਕਿ ਲੋਕ ਹਿੱਤ ਵਿੱਚ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਇਸ ਦਫਤਰ ਦੇ ਹੁਕਮ ਜਿਹੜੇ ਕਿ 21 ਜੁਲਾਈ 2021 ਨੂੰ ਲਾਗੂ ਕੀਤੇ ਗਏ ਸਨ, ਵਿੱਚ ਅੰਸਿਕ ਸੋਧ ਕਰਦੇ ਹੋਏ 10 ਵੀਂ, 11 ਵੀਂ ਅਤੇ 12 ਵੀਂ ਦੀਆਂ ਜਮਾਤਾਂ ਲਈ ਸਕੂਲਾਂ ਨੂੰ ਇਸ ਸ਼ਰਤ ਤੇ ਖੋਲਣ ਦੀ ਆਗਿਆ ਦਿੱਤੀ ਜਾਂਦੀ ਹੈ ਕਿ ਅਧਿਆਪਕਾਂ ਅਤੇ ਸਟਾਫ਼ ਨੇ ਘੱਟੋ-ਘੱਟ ਇੱਕ ਵੈਕਸੀਨ ਡੋਜ਼ ਜਰੂਰ ਲਗਵਾਈ ਹੋਵੇ ਅਤੇ ਇਹ ਅਧਿਆਪਕ ਸਕੂਲ ਡਿਊਟੀ ਦੌਰਾਨ ਡਬਲ ਮਾਸਕ ਲਾਜ਼ਮੀ ਤੌਰ ਤੇ ਪਹਿਨਣ। ਉਨਾਂ੍ਹ ਦੱਸਿਆ ਕਿ ਇਸ ਤੋਂ ਇਲਾਵਾ ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਮੁਕੰਮਲ ਸਟਾਫ਼ ਦੇ ਦੂਸਰੀ ਡੋਜ਼ ਲੱਗਣ ਉਪਰੰਤ ਸਕੂਲ ਮੈਨੇਜਮੈਂਟ ਵੱਲੋਂ ਨਿਮਨਹਸਤਾਖਰ ਦੇ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ। ਉਪਰੋਕਤ ਤੋਂ ਇਲਾਵਾ ਕੋਵਿਡ ਢੁੱਕਵਾਂ ਵਿਵਹਾਰ ਸਬੰਧੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ, ਜਿਸ ਵਿੱਚ 6 ਫੁੱਟ ਦੀ ਸਮਾਜਿਕ ਦੂਰੀ ਨੂੰ ਬਣਾਏ ਰੱਖਣਾ, ਮਾਸਕ ਪਹਿਣਨਾ ਅਤੇ ਜਨਤਕ ਥਾਵਾਂ ਤੇ ਨਾ ਥੱਕਣਾ ਆਦਿ ਸ਼ਾਮਿਲ ਹਨ। ਜ਼ਿਲ੍ਹਾ ਮੈਜਿਸਟੇ੍ਟ ਨੇ ਉਪੋਰਕਤ ਤੋਂ ਇਲਾਵਾ ਸਮੂਹ ਲੋਕਾਂ ਨੂੰ ਮਸ਼ਵਰਾ ਦਿੱਤਾ ਕਿ ਵੈਕਸੀਨੇਸ਼ਨ ਦੀਆਂ ਡੋਜ਼ਾਂ ਨੂੰ ਤੁਰੰਤ ਲਗਵਾਈਆਂ ਜਾਣ ਤਾਂ ਜੋ ਹਰ ਵਿਅਕਤੀ ਕੋਵਿਡ 19 ਤੋਂ ਸੁਰੱਖਿਅਤ ਹੋ ਸਕੇ। ਉਨਾਂ੍ਹ ਦੱਸਿਆ ਕਿ ਉਪਰੋਕਤ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ/ਅਦਾਰਿਆਂ ਵਿਰੁੱਧ ਇੰਡੀਅਨ ਪੈਨਲ ਕੋਡ ਦੀ ਧਾਰਾ 188 ਅਤੇ ਡਿਜਾਸਟਰ ਮੈਨੇਜਮੈਂਟ ਐਕਟ, 2005 ਦੀ ਧਾਰਾ 51-60 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।