ਹਰਦੀਪ ਧੰਮੀ ਨੰਗਲ, ਨਿਹਾਲ ਸਿੰਘ ਵਾਲਾ :

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਐੱਸਡੀਐੱਮ ਦਫਤਰ ਨਿਹਾਲ ਸਿੰਘ ਵਾਲਾ ਵਿਖੇ ਮੁਆਵਜ਼ੇ ਦੇ ਚੈੱਕ ਲੈਣ ਲਈ ਚੱਲ ਰਿਹਾ ਧਰਨਾ 14ਵੇਂ ਦਿਨ ਵੀ ਜਾਰ ਰਿਹਾ। ਜ਼ਿਲ੍ਹਾ ਆਗੂ ਪ੍ਰਧਾਨ ਅਮਰਜੀਤ ਸਿੰਘ ਅਤੇ ਬਲਾਕ ਦੇ ਜਨਰਲ ਸਕੱਤਰ ਬੂਟਾ ਸਿੰਘ ਭਾਗੀਕੇ ਨੇ ਕਿਹਾ ਕਿ ਜੋ ਮਾਛੀਕੇ, ਬੌਡੇ ਪਿੰਡਾਂ ਵਿੱਚ ਨੈਸ਼ਨਲ ਹਾਈਵੇ ਸੜਕ ਦਾ ਕੰਮ ਉਸਾਰੀ ਅਧੀਨ ਮੱਧਮ ਜਿਹਾ ਚੱਲ ਰਿਹਾ ਹੈ ਅਤੇ ਮੁਆਵਜ਼ੇ ਦੇ ਚੈੱਕ ਨਹੀਂ ਦਿੱਤੇ ਜਾ ਰਹੇ, ਆਦਿ ਮੰਗਾਂ ਨੂੰ ਲੈ ਕੇ ਜਥੇਬੰਦੀ ਵਲੋਂ ਧਰਨਾ ਜਾਰੀ ਹੈ। ਉਨਾਂ ਕਿਹਾ ਕਿ ਪੰਜਾਬ ਦੀ ਸਰਕਾਰ ਵੀ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ, ਪਰ ਅਸਲੀਅਤ ਕੁਝ ਹੋਰ ਹੀ ਲੱਗ ਰਹੀ ਹੈ। ਉਨਾਂ ਕਿਸਾਨ ਸੰਘਰਸ਼ ਦੀ ਗੱਲ ਕਰਦਿਆਂ ਆਖਿਆ ਕਿ ਅਕਤੂਬਰ ਦੇ ਪਹਿਲੇ ਹਫਤੇ ਮੋਗੇ ਜਿਲ੍ਹੇ ਵੱਲੋਂ ਵੱਡੀ ਗਿਣਤੀ ਵਿਚ ਅੌਰਤਾਂ ਦਿੱਲੀ ਅੰਦਲੋਨ ਵਿਚ ਟਿਕਰੀ ਬਾਰਡਰ 'ਤੇ ਜਾਣਗੀਆਂ। ਇਸ ਮੌਕੇ ਭਾਜਪਾ ਦੇ ਆਗੂ ਹਰਚਰਨ ਸਿੰਘ ਕਾਹਲੋਂ ਵੱਲੋਂ ਕਿਸਾਨ ਵਿਰੋਧੀ ਕਹੇ ਸ਼ਬਦਾਂ ਦੀ ਸਖ਼ਤ ਨਿਖੇਧੀ ਕੀਤੀ ਗਈ। ਇਸ ਧਰਨੇ ਵਿੱਚ ਮੰਗ ਕੀਤੀ ਗਈ ਕਿ ਮਾਛੀਕੇ-ਬੌਡੇ ਦੀ ਸੜਕ ਜਲਦੀ ਬਣਾਈ ਜਾਵੇ ਅਤੇ ਪੀੜਤ ਪ੍ਰਰੀਵਾਰਾਂ ਨੂੰ ਮੁਆਵਜ਼ਾ ਸਰਕਾਰੀ ਕਾਨੂੰਨ ਮੁਤਾਬਕ ਦਿੱਤਾ ਜਾਵੇ। ਇਸ ਧਰਨੇ ਨੂੰ ਇੰਦਰਮਹੱਲ ਪੱਤੋ, ਹਰਬੰਸ ਮੱਦਾ ਬਲਵੀਰ ਪੱਤੋਂ, ਕਾਲਾ ਮਧੇਕੇ, ਪਰਮਜੀਤ ਕੌਰ ਬੌਡੇ, ਤਰਲੋਕ ਸਿੰਘ ਹਿੰਮਤਪੁਰਾ, ਸਿੰਗਾਰਾ ਸਿੰਘ ਤਖ਼ਤੂਪੁਰਾ, ਸਰਜੀਤ ਸਿੰਘ ਤਖ਼ਤੂਪੁਰਾ, ਜਗਜੀਤ ਸਿੰਘ ਲੋਪੋ, ਕਰਤਾਰ ਸਿੰਘ ਹਿੰਮਤਪੁਰਾ ਆਦਿ ਨੇ ਸੰਬੋਧਨ ਕੀਤਾ।