ਮਨਪ੍ਰਰੀਤ ਸਿੰਘ ਮੱਲੇਆਣਾ,, ਮੋਗਾ

ਡੋਰ ਟੂ ਡੋਰ ਕੂੜਾ ਕਲੈਕਸ਼ਨ ਨੂੰ ਲੈ ਕੇ ਨਿਗਮ ਕਮਿਸ਼ਨਰ ਨੇ ਸਖਤੀ ਕੀਤੀ ਤਾਂ ਸਫਾਈ ਸੇਵਕਾਂ ਨੇ ਹੜਤਾਲ ਕਰ ਦਿੱਤੀ। ਵਿਸਾਖੀ ਜਿਹੇ ਪਵਿੱਤਰ ਤਿਉਹਾਰ ਦੇ ਦਿਨ ਸ਼ਹਿਰ ਦੇ ਬਾਜ਼ਾਰਾਂ ਵਿੱਚ ਦਿਨ ਭਰ ਕੂੜੇ ਦੇ ਢੇਰ ਲੱਗੇ ਰਹੇ। ਇਸ ਸਬੰਧੀ ਨਿਗਮ ਕਮਿਸ਼ਨਰ ਨੇ ਸ਼ਹਿਰ ਦੀ ਸਫਾਈ ਨੂੰ ਲੈ ਕੇ ਸਖ਼ਤ ਰਵੱਈਆ ਅਪਣਾ ਲਿਆ ਹੈ। ਸਰਕਾਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਛੇ ਨਵੇਂ ਡਰਾਈਵਰ ਰੱਖਣ ਲਈ ਨਿਗਮ ਨੇ ਟੈਂਡਰ ਕੱਢ ਦਿੱਤੇ ਹਨ। ਨਾਲ ਹੀ 50 ਸਫਾਈ ਸੇਵਕਾਂ ਨੂੰ ਆਉਟਸੋਰਸ ਉੱਤੇ ਰੱਖਣ ਲਈ ਵੀ ਟੈਂਡਰ ਜਾਰੀ ਕਰ ਦਿੱਤਾ ਹੈ, ਤਾਂ ਕਿ ਡੋਰ-ਟੂ-ਡੋਰ ਕਲੈਕਸ਼ਨ ਦੀ ਵਿਵਸਥਾ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰ ਸ਼ਹਿਰ ਨੂੰ ਗੰਦਗੀ ਤੋਂ ਮੁਕਤੀ ਦਵਾਈ ਜਾ ਸਕੇ।

ਜ਼ਕਿਰਯੋਗ ਹੈ ਕਿ ਛੇ ਮਹੀਨੇ ਪਹਿਲਾਂ ਨਿਗਮ ਨੇ ਸਾਰੇ 50 ਵਾਰਡਾਂ ਵਿੱਚ ਘਰ-ਘਰ ਜਾ ਕੇ ਕੂੜਾ ਚੁੱਕਣ ਲਈ ਪੂਰਾ ਸ਼ਿਡਿਊਲ ਤਿਆਰ ਕਰਕੇ ਡਿਊਟੀ ਲਗਾ ਦਿੱਤੀ ਸੀ, ਲੇਕਿਨ ਸ਼ਹਿਰ ਦੇ ਕੁੱਝ ਵਾਰਡਾਂ ਨੂੰ ਛੱਡਕੇ ਸਾਰੇ ਵਾਰਡਾਂ ਵਿੱਚ ਕੂੜਾ ਕਲੈਕਸ਼ਨ ਲਈ ਮੁਲਾਜ਼ਮ ਪੁੱਜੇ ਹੀ ਨਹੀਂ। ਨਗਰ ਨਿਗਮ ਨੇ ਘਰਾਂ ਤੋਂ ਕੂੜਾ ਚੁੱਕਣ ਲਈ 200 ਮਰਲੇ ਦੇ ਮਕਾਨ ਤੱਕ 100 ਰੁਪਏ ਦੀ ਦਰ ਤੈਅ ਕੀਤੀ ਹੈ, ਜਦੋਂ ਕਿ ਵਰਤਮਾਨ ਵਿੱਚ ਜੋ ਲੋਕ ਘਰਾਂ ਤੋਂ ਕੂੜਾ ਚੁੱਕ ਰਹੇ ਹਨ ਜੋ ਮਕਾਨ ਮਾਲਿਕ ਅਤੇ ਕਿਰਾਏਦਾਰ ਤੋਂ ਵੱਖ-ਵੱਖ ਵਸੂਲੀ ਕਰਦੇ ਹਨ। ਇੱਕ ਹੀ ਘਰ ਤੋਂ 200 ਤੋਂ 500 ਰੁਪਏ ਵਸੂਲੇ ਜਾਂਦੇ ਹਨ। ਨਿਗਮ ਦੀ ਕੂੜਾ ਚੁੱਕਣ ਦੀ ਵਿਵਸਥਾ ਲਾਗੂ ਹੁੰਦੀ ਹੈ ਤਾਂ ਸ਼ਹਿਰ ਵਿੱਚ ਨਿੱਜੀ ਪੱਧਰ ਉੱਤੇ ਘਰਾਂ ਤੋਂ ਕੂੜਾ ਚੁੱਕਣ ਵਾਲਿਆਂ ਦੇ ਹੱਥਾਂ ਤੋਂ ਵੱਡੀ ਕਮਾਈ ਨਿਕਲ ਜਾਵੇਗੀ।

ਸੂਤਰਾਂ ਦਾ ਕਹਿਣਾ ਹੈ ਕਿ ਸ਼ਹਿਰ ਦੀ ਸਫਾਈ ਵਿਵਸਥਾ ਵਿੱਚ ਲੱਗੇ 50 ਫ਼ੀਸਦੀ ਦੇ ਕਰੀਬ ਮੁਲਾਜ਼ਮ ਈਮਾਨਦਾਰੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ ਜਦੋਂਕਿ ਬਾਕੀ ਮੁਲਾਜ਼ਮ ਕੂੜੇ ਦੇ ਨਾਮ ਉੱਤੇ ਸ਼ਹਿਰ ਵਿੱਚ ਕੰਮ ਕਰ ਕਰ ਰਹੇ ਵੱਡੇ ਮਾਫੀਆ ਦੇ ਹੱਥ ਵਿੱਚ ਖੇਡ ਰਹੇ ਹਨ। ਨਿਗਮ ਦੀ ਯੋਜਨਾ ਲਾਗੂ ਹੋਈ ਤਾਂ ਮਾਫੀਆ ਨੂੰ ਹਰ ਮਹੀਨੇ ਲੱਖਾਂ ਰੁਪਏ ਦੀ ਆਮਦਨੀ ਤੋਂ ਹੱਥ ਧੋਣਾ ਪੈ ਸਕਦਾ ਹੈ। ਇਹੀ ਵਜ੍ਹਾ ਹੈ ਕਿ ਹਰ ਵਾਰ ਕੋਈ ਨਾ ਕੋਈ ਬਹਾਨਾ ਲਗਾਕੇ ਨਿਗਮ ਦੀ ਡੋਰ ਟੂ ਡੋਰ ਕਲੈਕਸ਼ਨ ਦੀ ਯੋਜਨਾ ਨੂੰ ਅਸਫਲ ਕਰਨ ਵਿੱਚ ਪੂਰੀ ਤਾਕਤ ਝੋਕੀ ਜਾ ਰਹੀ ਹੈ। ਨਿੱਜੀ ਪੱਧਰ ਉੱਤੇ ਘਰਾਂ ਤੋਂ ਕੂੜਾ ਚੁੱਕਣ ਵਾਲੇ ਲੋਕ ਗੀਤਾ ਭਵਨ ਚੌਕ, ਭੀਮ ਨਗਰ ਕੈਂਪ ਵਿੱਚ ਰੇਲਵੇ ਕੰਡੇ, ਬਹੋਨਾ ਰੋਡ, ਰਾਮਗੰਜ ਖੇਤਰ, ਚੌਕ ਸ਼ੇਖਾਂ ਆਦਿ ਖੇਤਰ ਵਿੱਚ ਹਰ ਰੋਜ ਕੂੜੇ ਦਾ ਢੇਰ ਲਗਾਕੇ ਦੁਪਹਿਰ ਤੱਕ ਲੋਕਾਂ ਨੂੰ ਗੰਦਗੀ ਦੇ ਮਾਹੌਲ ਵਿੱਚ ਜਿਉਣ ਨੂੰ ਮਜਬੂਰ ਕਰ ਦਿੰਦੇ ਹੈ।

ਕਿਸ ਗੱਲ 'ਤੇ ਵਿਗੜਿਆ ਮਾਮਲਾ

ਨਿਗਮ ਨੇ ਹਾਲ ਹੀ ਵਿੱਚ 10 ਟਾਟਾ ਕੰਪਨੀ ਦੇ ਕੈਂਟਰ ਘਰਾਂ ਤੋਂ ਕੂੜਾ ਕਲੈਕਸ਼ਨ ਲਈ ਖਰੀਦੇ ਹਨ, ਜਿਸ ਵਿੱਚ ਗਿੱਲਾ ਅਤੇ ਸੁੱਕਾ ਕੂੜਾ ਵੱਖ ਰੱਖਣ ਦੀ ਵਿਵਸਥਾ ਹੈ। ਅੱਠ ਟਰੈਕਟਰ ਟਰਾਲੀਆਂ ਨਗਰ ਨਿਗਮ ਦੇ ਕੋਲ ਪਹਿਲਾਂ ਤੋਂ ਹਨ। ਅਜੇ ਤੱਕ ਨਿਗਮ ਦੇ ਕੋਲ ਡਰਾਈਵਰਾਂ ਦੀ ਕਮੀ ਹੋਣ ਦੇ ਕਾਰਨ ਸਫਾਈ ਮੁਲਾਜ਼ਮ ਹੀ ਟਰੈਕਟਰ ਟਰਾਲੀਆਂ ਚਲਾ ਰਹੇ ਸਨ। ਉਨਾਂ੍ਹ ਨੂੰ ਨਿਗਮ ਕਮਿਸ਼ਨਰ ਨੇ 10 ਨਵੇਂ ਟਾਟਾ ਕੈਂਟਰ ਚਲਾਉਣ ਨੂੰ ਕਿਹਾ ਤਾਂ ਮੁਲਾਜ਼ਮਾਂ ਦੇ ਇੱਕ ਗੁੱਟ ਨੂੰ ਲੱਗਾ ਕਿ ਨਿਗਮ ਆਪਣੀ ਵਿਵਸਥਾ ਲਾਗੂ ਕਰਾਉਣ ਵਿੱਚ ਸਫਲ ਹੋਈ ਤਾਂ ਕਲੈਕਸ਼ਨ ਦੇ ਨਾਮ ਮੋਟੀ ਕਮਾਈ ਹੱਥ ਤੋਂ ਜਾ ਸਕਦੀ ਹੈ। ਇਸ ਲਈ ਇਨਾਂ੍ਹ ਮੁਲਾਜ਼ਮਾਂ ਨੇ ਇਹ ਕਹਿਕੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਨਵੇਂ ਕੈਂਟਰਾਂ ਲਈ ਡਰਾਈਵਰ ਭਰਤੀ ਕੀਤੇ ਜਾਣ ਅਤੇ ਸਫਾਈ ਸੇਵਕ ਨਹੀਂ ਚਲਾਉਣਗੇ, ਜਦੋਂਕਿ ਪਹਿਲਾਂ ਸਫਾਈ ਸੇਵਕ ਡਰਾਇਵਿੰਗ ਦਾ ਕੰਮ ਕਰ ਰਹੇ ਹਨ। ਨਿਗਮ ਉਨਾਂ੍ਹ ਨੂੰ ਉਸਦਾ ਭੁਗਤਾਨ ਵੀ ਕਰਦੀ ਹੈ। ਇਸ ਗੱਲ ਨੂੰ ਲੈ ਕੇ ਸਫਾਈ ਸੇਵਕਾਂ ਨੇ ਹੜਤਾਲ ਦਾ ਐਲਾਨ ਕਰ ਦਿੱਤਾ। ਚੀਫ ਸੈਨੇਟਰੀ ਇੰਸਪੈਕਟਰ ਦੀ ਰਿਪੋਰਟ ਮਿਲਣ ਤੋਂ ਬਾਅਦ ਨਿਗਮ ਕਮਿਸ਼ਨਰ ਨੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।

ਕੀ ਕਹਿਣਾ ਹੈ ਕਮਿਸ਼ਨਰ ਦਾ

ਨਿਗਮ ਕਮਿਸ਼ਨਰ ਅਨੀਤਾ ਦਰਸ਼ੀ ਦਾ ਕਹਿਣਾ ਹੈ ਕਿ ਨਿਗਮ ਦੇ ਕੋਲ ਡਰਾਈਵਰਾਂ ਦੀ ਕਮੀ ਹੈ, ਲੇਕਿਨ ਇਸਦੇ ਆਧਾਰ ਉੱਤੇ ਸ਼ਹਿਰ ਵਿੱਚ ਸਫਾਈ ਵਿਵਸਥਾ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਹੈ। ਪਹਿਲਾਂ ਤੋਂ ਹੀ ਜੋ ਲੋਕ ਡਰਾਈਵਿੰਗ ਕਰ ਰਹੇ ਹਨ, ਇਹ ਨਿਗਮ ਪ੍ਰਸ਼ਾਸਕਾਂ ਦੀ ਜ਼ਿੰਮੇਦਾਰੀ ਹੈ ਕਿ ਕਿਸ ਤੋਂ ਕੀ ਕੰਮ ਲਿਆ ਜਾਵੇ। ਨਿਗਮ ਕੰਮ ਦੇ ਬਦਲੇ ਉਨਾਂ੍ਹ ਨੂੰ ਪੈਸੇ ਦੇ ਰਹੀ ਹੈ। ਜੇਕਰ ਸਾਰੇ ਮੁਲਾਜ਼ਮ ਆਪਣੀਆਂ ਸ਼ਰਤਾਂ 'ਤੇ ਕੰਮ ਕਰਨਗੇ ਤਾਂ ਉਨਾਂ੍ਹ ਤੋਂ ਕੰਮ ਨਹੀਂ ਲਿਆ ਜਾ ਸਕਦਾ। ਉਨਾਂ੍ਹ ਅਪੀਲ ਕੀਤੀ ਕਿ ਸ਼ਹਿਰ ਦੇ ਹਿੱਤ ਵਿੱਚ ਹੜਤਾਲ ਉੱਤੇ ਨਾ ਜਾਣ। ਇਹ ਸ਼ਹਿਰ ਦੀ ਸਵੱਛਤਾ ਦਾ ਮਸਲਾ ਹੈ ਜਿਸ ਵਿੱਚ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ।

ਕੂੜੇ ਦੇ ਢੇਰ ਨਿਗਮ ਦੇ ਸਫ਼ਾਈ ਮੁਹਿੰਮ 'ਤੇ ਲਾ ਰਹੇ ਪ੍ਰਸ਼ਨ ਚਿੰਨ

ਮੇਨ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰਰੀਤ ਸਿੰਘ ਮਿੱਕੀ ਤੇ ਅਸ਼ੋਕ ਮਿੱਤਲ ਦਾ ਕਹਿਣਾ ਹੈ ਕਿ ਮੇਨ ਬਾਜ਼ਾਰ ਵਿੱਚ ਲੱਗੇ ਕੂੜੇ ਦੇ ਢੇਰ ਨਿਗਮ ਦੇ ਸਫਾਈ ਅਭਿਆਨ ਨੂੰ ਕੰਲਕਿਤ ਕਰ ਰਿਹਾ ਹੈ। ਕੂੜੇ ਦੇ ਢੇਰ ਨਾਲ ਉਨਾਂ੍ਹ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ।

ਮੇਨ ਬਾਜ਼ਾਰ ਦੇ ਦੁਕਾਨਦਾਰ ਮਨਜੀਤ ਸਿੰਘ ਤੇ ਬਿਕਰਮ ਸਿੰਘ ਨੇ ਕਿਹਾ ਕਿ ਲੋਕ ਸੜਕਾਂ 'ਤੇ ਕੂੜਾ ਸੁੱਟਦੇ ਹਨ ਤਾਂ ਉਨਾਂ੍ਹ ਦੇ ਚਲਾਨ ਕੀਤੇ ਜਾਂਦੇ ਹਨ। ਹੁਣ ਸੜਕਾਂ ਉੱਤੇ ਜਿਨਾਂ੍ਹ ਨੇ ਕੂੜੇ ਦੇ ਢੇਰ ਲਗਾਏ ਹਨ, ਉਨਾਂ੍ਹ ਦੇ ਵੀ ਚਲਾਨ ਕੱਟੇ ਜਾਣ।

ਓਧਰ ਰਾਜੂ, ਦਮਨ ਗੋਇਲ, ਵਿੱਕੀ, ਹਰਜੀਤ ਸਿੰਘ ਸੋਨੂ, ਨੋਨੀ ਸੱਚਰ ਅਤੇ ਹੋਰ ਨੇ ਦੱਸਿਆ ਕਿ ਦਿਨ ਭਰ ਕੂੜੇ ਦੇ ਢੇਰ ਲੱਗਣ ਨਾਲ ਜਿੱਥੇ ਗੰਦਗੀ ਦਾ ਆਲਮ ਛਾਇਆ ਰਿਹਾ, ਉਥੇ ਹੀ ਉਨਾਂ੍ਹ ਨੂੰ ਬਦਬੂ ਦਾ ਸਾਹਮਣਾ ਕਰਨਾ ਪਿਆ। ਉਨਾਂ੍ਹ ਦੱਸਿਆ ਕਿ ਸਫਾਈ ਕਰਮਚਾਰੀਆਂ ਦੁਆਰਾ ਹੜਤਾਲ ਕੀਤੇ ਜਾਣ ਦੇ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਉਨਾਂ੍ਹ ਨੇ ਡਿਪਟੀ ਕਮਿਸ਼ਨਰ ਮੋਗਾ, ਨਗਰ ਨਿਗਮ ਕਮਿਸ਼ਨਰ ਸਮੇਤ ਉਚ ਅਧਿਕਾਰੀਆਂ ਤੋਂ ਜਗ੍ਹਾ-ਜਗ੍ਹਾ ਲੱਗੇ ਗੰਦਗੀ ਦੇ ਢੇਰਾਂ ਤੋਂ ਨਿਜ਼ਾਤ ਦਿਵਾਉਣ ਦੀ ਮੰਗ ਕੀਤੀ ਹੈ।