ਮਨਪ੍ਰੀਤ ਸਿੰਘ ਮੱਲੇਆਣਾ, ਮੋਗਾ : ਲਿਟਲ ਮਿਲੇਨੀਅਮ ਸਕੂਲ ਜੋ ਕਿ ਸਥਾਨਕ ਬੁੱਘੀਪੁਰਾ ਚੌਂਕ ਨੇੜੇ ਓਜੋਨ ਕਾਉਂਟੀ 'ਚ ਸਥਿਤ ਹੈ, ਵਿਖੇ ਬਸੰਤੀ ਪੰਚਮੀ ਦੇ ਦਿਹਾੜੇ ਮੌਕੇ ਰੰਗਾਰੰਗ ਸਮਾਗਮ ਸਕੂਲ ਪਿ੍ੰਸੀਪਲ ਮੈਡਮ ਪੂਨਮ ਸ਼ਰਮਾ ਦੀ ਅਗਵਾਈ 'ਚ ਕਰਵਾਇਆ ਗਿਆ। ਸਮਾਗਮ ਦੌਰਾਨ ਜਿੱਥੇ ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਉੱਥੇ ਸਮਾਗਮ ਦੌਰਾਨ ਸੰਗੀਤ ਜਗਤ 'ਚ ਆਪਣੀ ਬੁਲੰਦ ਆਵਾਜ ਨਾਲ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਾਲੀ ਜੋੜੀ ਨੁਰਾਂ ਸਿਸਟਰਜ 'ਚੋਂ 'ਸੁਲਤਾਨਾ ਨੁਰਾਂ' ਨੇ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਮਾਗਮ ਨੂੰ ਚਾਰ ਚੰਨ੍ਹ ਲਗਾਏ। ਸਮਾਗਮ ਦਾ ਆਗਾਜ ਮੁੱਖ ਮਹਿਮਾਨਾਂ ਅਤੇ ਸਟਾਫ ਵੱਲੋਂ ਹੀ ਸਾਂਝੇ ਤੌਰ 'ਤੇ ਮਾਤਾ ਸਰਸਵਤੀ ਦੀ ਪੂਜਾ ਅਰਚਨਾ ਕਰਕੇ ਕੀਤੀ ਗਈ।

ਇਸ ਉਪਰੰਤ ਮੰਚ ਸੰਚਾਲਨ ਕਰਦਿਆਂ ਸਕੂਲ ਪਿ੍ੰਸੀਪਲ ਪੂਨਮ ਸ਼ਰਮਾ ਨੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਦਿਹਾੜੇ ਦੀ ਮਹੱਤਤਾ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਉਪਰੰਤ ਬੱਚਿਆਂ ਨਾਲ ਜਿੱਥੇ ਸੁਲਤਾਨਾ ਨੁਰਾਂ ਵੱਲੋਂ ਖੂਬ ਮਸਤੀ ਕੀਤੀ ਗਈ ਉੱਥੇ ਸੰਬੋਧਨ ਕਰਦਿਆਂ ਸੁਲਤਾਨਾ ਨੁਰਾਂ ਨੇ ਕਿਹਾ ਕਿ ਪੰਜਾਬੀ ਦੀ ਧਰਤੀ ਅਜਿਹੀ ਭਾਗਾਂ ਵਾਲੀ ਧਰਤੀ ਹੈ, ਜਿੱਥੇ ਸਾਰੇ ਵਰਗ ਇੱਕਜੁੱਟ ਹੋ ਕੇ ਹਰ ਦਿਨ-ਦਿਹਾੜੇ ਨੂੰ ਧੂਮਧਾਮ ਨਾਲ ਮਣਾਕੇ ਏਕਤਾ ਦੀ ਮਿਸਾਲ ਕਾਇਮ ਕਰਦੇ ਹਨ ਅਤੇ ਬਸੰਤ ਪੰਚਮੀ ਵੀ ਉਨ੍ਹਾਂ 'ਚੋਂ ਇੱਕ ਹੈ। ਅੰਤ 'ਚ ਸਕੂਲ ਡਾਇਰੈਕਟਰ ਅਨੁਜ ਗੁਪਤਾ ਅਤੇ ਪਿ੍ੰਸੀਪਲ ਮੈਡਮ ਪੂਨਮ ਸ਼ਰਮਾ ਨੇ ਸੁਲਤਾਨਾ ਨੁਰਾਂ ਦਾ ਪੁੱਜ ਤੇ ਧੰਨਵਾਦ ਕੀਤਾ।