ਵਕੀਲ ਮਹਿਰੋਂ, ਮੋਗਾ : ਪੰਜਾਬ ਗੌਰਮਿੰਟ ਟ੍ਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਦੀ ਸੂਬਾਈ ਮੀਟਿੰਗ ਕਾਮਰੇਡ ਸਤੀਸ਼ ਲੂੰਬਾ ਭਵਨ ਮੋਗਾ 'ਚ ਹੋਈ। ਮੀਟਿੰਗ ਦੀ ਪ੍ਰਧਾਨਗੀ ਕਾ. ਗੁਰਜੀਤ ਸਿੰਘ ਘੋੜੇਵਾਹ ਵੱਲੋਂ ਕੀਤੀ ਗਈ। ਇਸ ਮੌਕੇ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਕਾ. ਜਗਦੀਸ਼ ਸਿੰਘ ਚਾਹਲ ਵਿਦੇਸ਼ ਤੋਂ ਵਾਪਸ ਆ ਕੇ ਉਚੇਚੇ ਤੌਰ 'ਤੇ ਮੀਟਿੰਗ 'ਚ ਸ਼ਾਮਲ ਹੋਏ। ਜਥੇਬੰਦੀ ਦੇ ਸੂਬਾ ਡਿਪਟੀ ਜਨਰਲ ਸਕੱਤਰ ਕਾ. ਗੁਰਜੰਟ ਸਿੰਘ ਕੋਕਰੀ ਵੱਲੋਂ ਮੀਟਿੰਗ ਦੀ ਕਾਰਵਾਈ ਚਲਾਉਂਦੇ ਹੋਏ ਪਹਿਲਾਂ ਵਿੱਛੜੇ ਸਾਥੀਆ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਉਪਰੰਤ ਉਨ੍ਹਾਂ ਵੱਲੋਂ ਸਾਥੀਆਂ ਨਾਲ ਵਿਚਾ ਸਾਂਝੇ ਕੀਤੇ ਗਏ।

ਕਾਮਰੇਡ ਕੋਕਰੀ ਨੇ ਆਪਣੀ ਗੱਲ ਸਾਂਝੀ ਕਰਦਿਆਂ ਕਿਹਾ ਕਿ ਪਿਛਲੀਆ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਤੋਂ ਅੱਕੇ ਲੋਕਾਂ ਨੇ ਭਾਰੀ ਬਹੁਮੱਤ ਨਾਲ ਨਵੀਂ ਸਰਕਾਰ ਚੁਣੀ। ਜਿਸ ਤੋਂ ਬਹੁਤ ਉਮੀਦਾਂ ਸਨ ਪਰ ਅਜੇ ਤੱਕ ਇਹ ਉਮੀਦਾਂ ਧੁੰਦਲੀਆਂ ਨਜ਼ਰ ਆ ਰਹੀਆਂ ਹਨ।

ਸਰਕਾਰ ਕੁਝ ਫੈਸਲੇ ਜ਼ਰੂਰ ਪਹਿਲੀਆਂ ਸਰਕਾਰਾਂ ਤੋਂ ਹਟ ਕੇ ਕਰ ਰਹੀ ਹੈ ਪਰ ਸੂਬੇ 'ਚ ਨਸ਼ੇ, ਬੇਰੋਜ਼ਗਾਰੀ, ਪਲਾਇਨ, ਮਹਿੰਗਾਈ ਵਰਗੇ ਵੱਡੇ ਮਸਲੇ ਹਨ, ਜਿਨਾਂ੍ਹ ਦੇ ਹੱਲ ਲਈ ਸਰਕਾਰ ਨੂੰ ਠੋਸ ਨੀਤੀ ਘੜਨੀ ਪਵੇਗੀ। ਪਬਲਿਕ ਅਦਾਰਿਆਂ ਨੂੰ ਬਚਾਉਣ ਦੀ ਜ਼ਰੂਰਤ ਹੈ। ਰੋਡਵੇਜ਼ ਵਰਗਾ ਅਦਾਰਾ ਜੋ ਹਰ ਰੋਜ਼ ਕਮਾਈ ਕਰਦਾ ਹੈ ਨੂੰ ਪ੍ਰਫੁੱਲਤ ਕਰਨਾ ਲਾਜ਼ਮੀ ਹੈ। ਗਰੀਬ ਮੱਧਵਰਗ ਨੂੰ ਸੈਂਕੜੇ ਸਹੂਲਤਾਂ ਦੇਣ ਵਾਲਾ ਇਹ ਅਦਾਰਾ ਪਿਛਲੀਆਂ ਸਰਕਾਰਾਂ ਵੱਲੋਂ ਅਣਗੌਲਿਆਂ ਕੀਤਾ ਗਿਆ ਹੈ।

ਭਾਵੇਂ ਨਵੀਆ ਬੱਸਾਂ ਜ਼ਰੂਰ ਸ਼ਾਮਲ ਕੀਤੀਆਂ ਗਈਆਂ ਹਨ ਪਰ ਉਨ੍ਹਾਂ ਬੱਸਾਂ ਦੀਆਂ ਬਾਡੀਆਂ 'ਚ ਵੀ ਘਪਲੇ ਹੋਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਜਿਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਵਿਭਾਗ'ਚ ਠੇਕੇ ਤੇ ਕੰਮ ਕਰਦੇ ਕਰਮਚਾਰੀਆ ਨੂੰ ਰੈਗੂਲਰ ਕਰਨ ਲਈ ਫੋਰੀ ਕਦਮ ਚੁੱਕਣੇ ਜ਼ਰੂਰੀ ਹਨ ਤਾਂ ਜੋ ਉਹ ਮੁਲਾਜ਼ਮ ਵੀ ਸਨਮਾਨਯੋਗ ਜੀਵਨ ਬਸਰ ਕਰ ਸਕਣ। ਮੌਜੂਦਾ ਖਜ਼ਾਨਾ ਮੰਤਰੀ ਬਾਰੇ ਗੱਲ ਕਰਦਿਆਂ ਕਾਮਰੇਡ ਕੋਕਰੀ ਨੇ ਯਾਦ ਕਰਵਾਇਆ ਕਿ ਵੋਟਾਂ ਤੋਂ ਪਹਿਲਾਂ ਚੀਮਾ ਸਾਹਿਬ ਪੁਰਾਣੀ ਪੈਨਸ਼ਨ ਪ੍ਰਰਾਪਤੀ ਮੁਲਾਜ਼ਮਾਂ ਦੇ ਹੱਕ ਵਿੱਚ ਤਖ਼ਤੀ ਫੜ ਕੇ ਐਕਸ਼ਨਾਂ ਵਿੱਚ ਸ਼ਮੂਲੀਅਤ ਕਰਦੇ ਸਨ। ਪਰ ਅਫ਼ਸੋਸ ਦੀ ਗੱਲ ਹੈ ਕਿ ਬਜਟ ਸੈਸ਼ਨ ਦੌਰਾਨ ਮੰਤਰੀ ਜੀ ਨੇ ਪੁਰਾਣੀ ਪੈਨਸ਼ਨ ਬਾਰੇ ਇੱਕ ਸ਼ਬਦ ਵੀ ਨਹੀਂ ਬੋਲਿਆ।

ਮਿਤੀ 22 ਸਤੰਬਰ ਨੂੰ ਆਗੂਆ ਦੀ ਮੀਟਿੰਗ ਟ੍ਾਂਸਪੋਰਟ ਮੰਤਰੀ ਨਾਲ ਚੰਡੀਗੜ੍ਹ 'ਚ ਵਿਭਾਗ ਦੇ ਉੱਚ ਅਧਿਕਾਰੀਆ ਦੀ ਮੌਜੂਦਗੀ 'ਚ ਹੋਈ। ਸਰਕਾਰ ਵੱਲੋਂ ਇਹ ਮੰਨਿਆ ਗਿਆ ਕਿ ਮੁਲਾਜ਼ਮਾਂ ਦੀਆਂ ਉਪਰੋਕਤ ਮੰਗਾਂ ਵਾਜਬ ਹਨ, ਜਿਨਾਂ੍ਹ ਨੂੰ ਪੂਰਾ ਕਰਨ ਲਈ ਸਰਕਾਰ ਵਚਨਬੱਧ ਹੈ। ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰੀ ਬੱਸਾਂ ਪਾਸਿੰਗ ਹੋਣ ਵੱਲੋਂ ਡਿਪੂਆਂ 'ਚ ਖੜ੍ਹੀਆਂ ਹਨ, ਜਿਸਦਾ ਲਾਭ ਨਿੱਜੀ ਟ੍ਾਂਸਪੋਰਟਰਾਂ ਨੂੰ ਹੋ ਰਿਹਾ ਹੈ, ਸੋ ਜਲਦੀ ਤੋਂ ਜਲਦੀ ਉਨ੍ਹਾਂ ਬੱਸਾਂ ਦੀ ਪਾਸਿੰਗ ਮੁਕੰਮਲ ਹੋਵੇ ਤਾਂ ਜੋ ਉਹ ਬੱਸਾਂ ਰੂਟ 'ਤੇ ਜਾ ਸਕਣ ਅਤੇ ਸਵਾਰੀਆ ਦੀ ਦਿੱਕਤ ਕੁਝ ਘੱਟ ਹੋ ਸਕੇ। ਇਸ ਮੌਕੇ ਬਚਿੱਤਰ ਸਿੰਘ ਧੋਥੜ, ਅਵਤਾਰ ਤਾਰੀ, ਗੁਰਜੀਤ ਜਲੰਧਰ ਅਤੇ ਸਮੂਹ ਮੈਂਬਰ ਹਾਜ਼ਰ ਸਨ।