ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ

ਹੋਮ ਆਈਸੋਲੇਸ਼ਨ ਦੀ ਉਲੰਘਣਾ ਦੀਆਂ ਖਬਰਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਇਸ ਨੂੰ ਚੈੱਕ ਕਰਨ ਲਈ ਸਰਕਾਰੀ ਅਧਿਆਪਕਾਂ ਦੀਆਂ ਵਿਸ਼ੇਸ਼ ਨਿਗਰਾਨ ਟੀਮਾਂ ਬਣਾ ਦਿੱਤੀਆਂ ਹਨ। ਇਹ ਟੀਮਾਂ ਘਰਾਂ ਵਿੱਚ ਇਕਾਂਤਵਾਸ ਕੀਤੇ ਮਰੀਜ਼ਾਂ ਦੀ ਲਗਾਤਾਰ ਨਿਗਰਾਨੀ ਕਰਨਗੀਆਂ। ਉਲੰਘਣਾ ਸਾਹਮਣੇ ਆਉਣ ਉੱਤੇ ਜ਼ਿਲ੍ਹਾ ਪ੍ਰਸ਼ਾਸ਼ਨ ਰਾਹੀਂ ਪੁਲਿਸ ਨੂੰ ਸੂਚਿਤ ਕਰਨਗੀਆਂ। ਅੱਗੋਂ ਪੁਲਿਸ ਉਲੰਘਣਾ ਕਰਨ ਵਾਲਿਆਂ ਖਿਲਾਫ਼ ਬਣਦੀ ਕਰਨ ਲਈ ਪਾਬੰਦ ਹੋਵੇਗੀ। ਇਸ ਸਬੰਧੀ ਡਿਪਟੀ ਕਮਿਸ਼ਨਰ ਹਰੀਸ਼ ਨਾਇਰ ਨੇ ਪੁਲਿਸ ਸਮੇਤ ਸਮੂਹ ਧਿਰਾਂ ਨੂੰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨ ਦੀ ਹਦਾਇਤ ਕੀਤੀ ਹੈ। ਅੱਜ ਆਪਣੇ ਦਫ਼ਤਰ ਵਿਖੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਨਾਇਰ ਨੇ ਕਿਹਾ ਕਿ ਹਰੇਕ ਪਿੰਡ ਅਤੇ ਵਾਰਡ ਵਿੱਚ ਇੱਕ ਇੱਕ ਸਰਕਾਰੀ ਅਧਿਆਪਕ ਨੂੰ ਨਿਗਰਾਨੀ ਉੱਤੇ ਲਗਾਇਆ ਗਿਆ ਹੈ। ਇਹ ਅਧਿਆਪਕ ਰੈਪਿਡ ਰੇਸਪਾਂਸ ਟੀਮਾਂ ਨਾਲ ਰਲ ਕੇ ਕੰਮ ਕਰਨਗੇ। ਜਿਹੜੇ ਮਰੀਜ਼ਾਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਹੋਵੇਗਾ, ਉਹਨਾਂ ਦੀ ਸੂਚੀ ਇਹਨਾਂ ਕੋਲ ਹੋਵੇਗੀ। ਇਹ ਅਧਿਆਪਕ ਇਹ ਯਕੀਨੀ ਬਣਾਉਣਗੇ ਕਿ ਉਹਨਾਂ ਦੇ ਇਲਾਕੇ ਵਾਲੇ ਮਰੀਜ਼ ਉਲੰਘਣਾ ਨਾ ਕਰਨ। ਉਲੰਘਣਾ ਹੋਣ ਉੱਤੇ ਇਹ ਤੁਰੰਤ ਰਿਪੋਰਟ ਕਰਨਗੇ। ਉਹਨਾਂ ਕਿਹਾ ਕਿ ਹਰੇਕ 10 ਪਿੰਡਾਂ ਅਤੇ ਵਾਰਡਾਂ ਪਿੱਛੇ ਇਕ ਇਕ ਪਿੰ੍ਸੀਪਲ ਲਗਾਇਆ ਜਾਵੇਗਾ, ਜਿਹੜਾ ਕਿ ਚੈਕ ਕਰੇਗਾ ਕਿ ਇਹ ਟੀਮਾਂ ਠੀਕ ਡਿਊਟੀ ਕਰ ਰਹੀਆਂ ਹਨ ਜਾਂ ਨਹੀਂ।

ਇਸ ਮੀਟਿੰਗ ਵਿੱਚ ਸ਼ਹਿਰ ਮੋਗਾ ਵਿੱਚ ਕੰਮ ਕਰ ਰਹੀਆਂ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਭਾਗ ਲਿਆ, ਜਿਨਾਂ੍ਹ ਨੂੰ ਸੰਬੋਧਨ ਕਰਦਿਆਂ ਨਾਇਰ ਨੇ ਕਿਹਾ ਕਿ ਹੁਣ ਸਥਿਤੀ ਦਿਨੋਂ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਸ ਕਰਕੇ ਸਾਡੀ ਸਾਰੀਆਂ ਦੀ ਡਿਊਟੀ ਬਣਦੀ ਹੈ ਕਿ ਅਸੀਂ ਆਪਣੀ ਆਪਣੀ ਡਿਊਟੀ ਨੂੰ ਸਮਝੀਏ ਅਤੇ ਇਸ ਲੜ੍ਹਾਈ ਨੂੰ ਜਿੱਤਣ ਵਿੱਚ ਆਪਣਾ ਯੋਗਦਾਨ ਪਾਈਏ। ਉਹਨਾਂ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਰਾਂ ਵਿਚ ਲੋਕਾਂ ਨੂੰ ਇਸ ਬਿਮਾਰੀ ਦੀ ਭਿਆਨਕਤਾ ਤੋਂ ਜਾਣੂ ਕਰਾਉਣ। ਸੰਸਥਾਵਾਂ ਨੂੰ ਕਿਹਾ ਗਿਆ ਕਿ ਉਹ ਆਪਣਾ 15-15 ਦਿਨ ਦਾ ਐਕਸ਼ਨ ਪਲਾਨ ਤਿਆਰ ਕਰਕੇ ਜ਼ਲਿ੍ਹਾ ਪ੍ਰਸ਼ਾਸ਼ਨ ਨਾਲ ਸਾਂਝਾ ਕਰਨ ਤਾਂ ਜੋ ਉਸ ਅਨੁਸਾਰ ਸੈਂਪਲ ਲੈਣ ਅਤੇ ਟੀਕਾਕਰਨ ਬਾਰੇ ਰੂਟ ਪਲਾਨ ਬਣਾਇਆ ਜਾ ਸਕੇ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਵੇਲੇ ਜ਼ਲਿ੍ਹਾ ਮੋਗਾ ਵਿੱਚ ਰੋਜ਼ਾਨਾ 141 ਥਾਵਾਂ ਉੱਤੇ ਪੱਕੇ ਸੈਸ਼ਨ ਲੱਗ ਰਹੇ ਹਨ। ਇਸ ਤੋਂ ਇਲਾਵਾ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ। ਸੰਸਥਾਵਾਂ ਹੋਰ ਕੈਂਪ ਲਗਵਾਉਣ ਲਈ ਅੱਗੇ ਆਉਣ।

ਉਹਨਾਂ ਸਪੱਸ਼ਟ ਕੀਤਾ ਕਿ 5 ਜਾਂ ਵਧੇਰੇ ਮਰੀਜ਼ ਆਉਣ ਉੱਤੇ ਸਬੰਧਤ ਇਲਾਕੇ ਨੂੰ ਤੁਰੰਤ ਮਾਈਕਰੋ ਕੰਟੇਂਨਮੈਂਟ ਜ਼ੋਨ ਐਲਾਨਿਆਂ ਜਾਵੇਗਾ। ਇਸ ਕਰਕੇ ਲੋਕ ਹੁਣੇ ਹੀ ਸੰਭਲ ਜਾਣ। ਇਕ ਵਾਰ ਮਾਈਕਰੋ ਕੰਟੇਂਨਮੈਂਟ ਜ਼ੋਨ ਘੋਸ਼ਤਿ ਹੋਣ ਉੱਤੇ ਉਸ ਇਲਾਕੇ ਵਿੱਚ ਕਈ ਤਰਾਂ੍ਹ ਦੀਆਂ ਪਾਬੰਦੀਆਂ ਵੀ ਲੱਗ ਜਾਂਦੀਆਂ ਹਨ। ਇਹਨਾਂ ਪਾਬੰਦੀਆਂ ਤੋਂ ਬਚਣ ਲਈ ਜਰੂਰੀ ਹੈ ਕਿ ਹਰੇਕ ਵਿਅਕਤੀ ਸਰਕਾਰ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨੀ ਯਕੀਨੀ ਬਣਾਵੇ।

ਮੀਟਿੰਗ ਵਿੱਚ ਵਿਸ਼ੇਸ਼ ਤੌਰ ਉੱਤੇ ਹਾਜ਼ਰ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਨੇ ਜ਼ਿਲ੍ਹਾ ਮੋਗਾ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਨੂੰ ਸਫ਼ਲ ਬਣਾਉਣ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ। ਉਹਨਾਂ ਕਿਹਾ ਕਿ ਇਹ ਲੜ੍ਹਾਈ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਜਿੱਤੀ ਨਹੀਂ ਜਾ ਸਕਦੀ ਹੈ।

ਡਿਪਟੀ ਕਮਿਸ਼ਨਰ ਨਾਇਰ ਨੇ ਕਿਹਾ ਕਿ ਕੋਰੋਨਾ ਵਿਰੁੱਧ ਲੜ੍ਹਾਈ ਵਿੱਚ ਜੋ ਵੀ ਪੰਚਾਇਤ ਜਾਂ ਸੰਸਥਾ ਜਾਂ ਕੌਂਸਲਰ ਵਧੀਆ ਕਾਰਗੁਜ਼ਾਰੀ ਦਿਖਾਏਗਾ, ਉਸ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਰਾਤ ਦੀ ਤਾਲਾਬੰਦੀ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।